ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਸੂਬੇ ਦੇ ਘਰੇਲੂ ਬਿਜਲੀ ਖਪਤਕਾਰਾਂ ਦੇ ਬਿੱਲ ਅੱਜ ਤੋਂ ਘੱਟ ਦਰ ਨਾਲ ਆਉਣਗੇ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹਾਲ ਹੀ ਵਿੱਚ ਸੂਬੇ ‘ਚ ਬਿਜਲੀ ਦਰਾਂ ‘ਚ ਕਟੌਤੀ ਦਾ ਐਲਾਨ ਕੀਤਾ ਸੀ। ਪਾਵਰਕੌਮ ਨੇ ਇਹ ਦਰਾਂ ਲਾਗੂ ਕਰ ਦਿੱਤੀਆਂ ਹਨ। ਇਸ ਨਾਲ ਸੂਬੇ ਦੇ ਘਰੇਲੂ ਬਿਜਲੀ ਖਪਤਕਾਰਾਂ ਦੇ ਬਿੱਲਾਂ ‘ਚ ਕਮੀ ਆਵੇਗੀ।
ਪਾਵਰਕੌਮ ਦੇ ਸੀਐਮਡੀ ਏ. ਵੇਣੂ ਪ੍ਰਸਾਦ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ 1 ਤੋਂ 23 ਨਵੰਬਰ ਤਕ ਪੁਰਾਣੀਆਂ ਦਰਾਂ ‘ਤੇ ਬਿਜਲੀ ਦੇ ਬਿੱਲ ਪ੍ਰਾਪਤ ਕੀਤੇ ਹਨ, ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਉਹ ਇਹ ਬਿੱਲ ਅਦਾ ਕਰਨ ਦੇਣ। ਬਿਜਲੀ ਦੀਆਂ ਪੁਰਾਣੀਆਂ ਤੇ ਨਵੀਆਂ ਦਰਾਂ ‘ਚ ਅੰਤਰ ਦੇ ਹਿਸਾਬ ਨਾਲ ਵਾਧੂ ਰਕਮ ਅਗਲੇ ਬਿੱਲ ‘ਚ ਐਡਜਸਟ ਕੀਤੀ ਜਾਵੇਗੀ।
ਦਸ ਦੇਈਏ ਕਿ ਪਾਵਰਕੌਮ ਦੇ ਚੀਫ਼ ਇੰਜਨੀਅਰ (ਕਮਰਸ਼ੀਅਲ) ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਬੁੱਧਵਾਰ ਤੋਂ ਖਪਤਕਾਰਾਂ ਨੂੰ ਘੱਟ ਦਰ ‘ਤੇ ਬਿਜਲੀ ਦੇ ਬਿੱਲ ਮਿਲਣਗੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਲਾਨ ਅਨੁਸਾਰ ਸੂਬੇ ਦੇ 69 ਲੱਖ ਖਪਤਕਾਰਾਂ ਨੂੰ 1 ਨਵੰਬਰ 2021 ਤੋਂ ਘਟੀਆਂ ਬਿਜਲੀ ਦਰਾਂ ਦਾ ਲਾਭ ਮਿਲੇਗਾ।