ਪਿਛਲੇ ਚਾਰ ਦਿਨਾਂ ਤੋਂ ਚੱਲ ਰਹੀਆਂ ਹਵਾਵਾਂ ਨੇ ਦਿੱਲੀ-ਐਨਸੀਆਰ ਦੇ ਹਵਾ ਪ੍ਰਦੂਸ਼ਣ ਤੋਂ ਕੁਝ ਰਾਹਤ ਦਿੱਤੀ ਹੈ। ਹਵਾ ਦੀ ਰਫ਼ਤਾਰ 15 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੋਣ ਕਾਰਨ ਦਿੱਲੀ ਅਤੇ ਨਾਲ ਲੱਗਦੇ ਕੁਝ ਸ਼ਹਿਰਾਂ ‘ਚ ਹਵਾ ਗੁਣਵੱਤਾ ਸੂਚਕ ਅੰਕ 300 ਤੋਂ ਹੇਠਾਂ ਆ ਗਿਆ ਹੈ। ਹਾਲਾਂਕਿ ਰਾਜਧਾਨੀ ਦਿੱਲੀ ਅਤੇ ਐਨਸੀਆਰ ‘ਚ ਹਵਾ ਦੀ ਗੁਣਵੱਤਾ ਬੁੱਧਵਾਰ ਨੂੰ ਵੀ ਖ਼ਰਾਬ ਸ਼੍ਰੇਣੀ ਵਿਚ ਰਹੀ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਦੇ ਮੁਤਾਬਕ ਰਾਜਧਾਨੀ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 280 ਹੈ, ਜੋ ਕਿ ਸਿਹਤ ਲਈ ਵੀ ਹਾਨੀਕਾਰਕ ਹੈ।
ਬੁੱਧਵਾਰ ਨੂੰ ਦਿੱਲੀ ‘ਚ ਸਕੂਲ ਖੋਲ੍ਹਣ ਅਤੇ ਵਰਕ ਫਰਾਮ ਹੋਮ ਖ਼ਤਮ ਕਰਨ ਸਮੇਤ ਕਈ ਅਹਿਮ ਮੁੱਦਿਆਂ ‘ਤੇ ਅਹਿਮ ਬੈਠਕ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਵਾਤਾਵਰਣ ਮੰਤਰੀ ਗੋਪਾਲ ਰਾਏ ਦੀ ਪ੍ਰਧਾਨਗੀ ‘ਚ ਹੋਣ ਵਾਲੀ ਇਸ ਬੈਠਕ ‘ਚ ਘਰ ਤੋਂ ਕੰਮ ਖ਼ਤਮ ਕਰਨ ਅਤੇ ਸਕੂਲ ਮੁੜ ਖੋਲ੍ਹਣ ਦਾ ਐਲਾਨ ਕੀਤਾ ਜਾ ਸਕਦਾ ਹੈ।