ਪੰਜਾਬ ਵਿੱਚ ਹਿੰਦੂ ਵੋਟ ਬੈਂਕ ਲਈ ਕਾਂਗਰਸ ਸਰਕਾਰ ਕੋਲ ਇਸ ਵੇਲੇ ਕੋਈ ਚਿਹਰਾ ਨਹੀਂ, ਮੁੱਖ ਮੰਤਰੀ ਚਰਨਜੀਤ ਚੰਨੀ ਤੇ ਸੰਗਠਨ ਦੇ ਪ੍ਰਧਾਨਗੀ ਅਹੁਦੇ ‘ਤੇ ਨਵਜੋਤ ਸਿੱਧੂ ਦੋਵੇਂ ਸਿੱਖ ਚਿਹਰੇ ਹਨ। ਉਥੇ ਹੀ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਮਿਸ਼ਨ ਤੋਂ ਬਾਅਦ ਕਾਂਗਰਸ ਦੀ ਚਿੰਤਾ ਹੋਰ ਵਧ ਗਈ ਹੈ। ਪ੍ਰਧਾਨਗੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਾਰਟੀ ਦੇ ਹਿੰਦੂ ਆਗੂ ਸੁਨੀਲ ਜਾਖੜ ਸੰਗਠਨ ਤੋਂ ਨਾਰਾਜ਼ ਚੱਲ ਰਹੇ ਹਨ। ਪਰ ਆਪਣਾ ਹਿੰਦੂ ਵੋਟ ਬੈਂਕ ਬਚਾਉਣ ਲਈ ਕਾਂਗਰਸ ਸੁਨੀਲ ਜਾਖੜ ‘ਤੇ ਦਾਅ ਖੇਡੇਗੀ, ਜਿਸ ਕਰਕੇ ਉਨ੍ਹਾਂ ਨੂੰ ਪਾਰਟੀ ਵਿੱਚ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ।
ਕਾਂਗਰਸ ਅਜੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਸ ਨਾਲ ਮੁਸੀਬਤ ਖੜ੍ਹੀ ਸਕਦੀ ਹੈ। ਉਹ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਲਈ ਕਾਂਗਰਸ ਸਿੱਧੂ, ਚੰਨੀ ਤੇ ਜਾਖੜ ਦਾ ਗਠਜੋੜ ਕਰੇਗੀ। ਕਿਆਸ ਅਰਾਈਆਂ ਹਨ ਕਿ ਕਾਂਗਰਸ ਜਾਖੜ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਉਣ ਦਾ ਛੇਤੀ ਹੀ ਐਲਾਨ ਕਰ ਸਕਦੀ ਹੈ।
ਦੋ ਦਿਨ ਪਹਿਲਾਂ ਸੀਐਮ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਦਿੱਲੀ ਗਏ ਸਨ। ਉੱਥੇ ਉਨ੍ਹਾਂ ਨੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਜਿਸ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਸਨ। ਹਿੰਦੂ ਵੋਟ ਬੈਂਕ ਬਾਰੇ ਚਰਚਾ ਹੋਈ। ਸੂਤਰਾਂ ਦੀ ਮੰਨੀਏ ਤਾਂ ਐੱਸਸੀ ਵੋਟ ਬੈਂਕ ਲਈ ਸੀਐਮ ਚਰਨਜੀਤ ਚੰਨੀ ਅਤੇ ਸਿੱਖ ਵੋਟ ਬੈਂਕ ਲਈ ਸਿੱਧੂ ਦਾ ਚਿਹਰਾ ਹੈ ਪਰ ਕਾਂਗਰਸ ਵਿੱਚ ਹਿੰਦੂਆਂ ਲਈ ਕੋਈ ਵੱਡਾ ਚਿਹਰਾ ਨਹੀਂ ਹੈ।