ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਵੇਖ ਪੰਜਾਬ ਸਰਕਾਰ ਐਕਸ਼ਨ ਮੋਡ ਵਿੱਚ ਹੈ। ਸਰਕਾਰ ਸਾਹਮਣੇ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਬੇਅਦਬੀ ਤੇ ਗੋਲੀ ਕਾਂਡ ਹੈ। ਇਸ ਲਈ ਇਸ ਮਾਮਲੇ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਤੇਜ਼ੀ ਨਾਲ ਕੰਮ ਕਰ ਰਹੀ ਹੈ। ਸਿੱਟ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬੇਅਦਬੀ ਦੇ ਮਾਮਲਿਆਂ ਦੀ ਡੇਰਾ ਸਿਰਸਾ ਨਾਲ ਜੁੜੀ ਤਾਰ ਦਾ ਸੱਚ ਸਾਹਮਣੇ ਲਿਆਉਣਾ ਹੈ। ਇਸ ਲਈ ਸਿੱਟ ਨੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਸੁਨਾਰੀਆ ਜੇਲ੍ਹ ਵਿੱਚ ਪੁੱਛ-ਪੜਤਾਲ ਕਰਨ ਮਗਰੋਂ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਨੂੰ ਤਲਬ ਕੀਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਵਿਪਾਸਨਾ ਨੂੰ ਹੁਕਮ ਦਿੱਤੇ ਹਨ ਕਿ ਉਹ ਪੁੱਛ-ਪੜਤਾਲ ਲਈ 26 ਨਵੰਬਰ ਨੂੰ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਹਾਜ਼ਰ ਹੋਵੇ।
ਦੱਸ ਦਈਏ ਕਿ ਵਿਸ਼ੇਸ਼ ਜਾਂਚ ਟੀਮ ਨੇ 8 ਨਵੰਬਰ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਸੁਨਾਰੀਆ ਜੇਲ੍ਹ ਵਿੱਚ ਪੁੱਛ-ਪੜਤਾਲ ਕੀਤੀ ਸੀ। ਡੇਰਾ ਮੁਖੀ ਨੇ ਜਾਂਚ ਟੀਮ ਨੂੰ ਬਹੁਤੇ ਸਵਾਲਾਂ ਦੇ ਸਪੱਸ਼ਟ ਜਵਾਬ ਨਹੀਂ ਦਿੱਤੇ। ਜਾਂਚ ਟੀਮ ਨੇ ਡੇਰਾ ਮੁਖੀ ਤੋਂ ਡੇਰੇ ਦੀ ਸਥਾਪਨਾ, ਪ੍ਰਬੰਧ ਤੇ ਡੇਰੇ ਨਾਲ ਜੁੜੇ ਕੰਮਾਂ ਤੇ ਵਿਵਾਦਾਂ ਬਾਰੇ ਸੌ ਤੋਂ ਵੱਧ ਸਵਾਲ ਕੀਤੇ ਸਨ।