ਦਿੱਲੀ ‘ਚ ਹਵਾ ਪ੍ਰਦੂਸ਼ਣ ਵਿੱਚ ਬਹੁਤਾ ਸੁਧਾਰ ਨਹੀਂ ਹੋ ਰਿਹਾ ਹੈ ਤੇ ਅੱਜ ਵੀ ਹਵਾ ਗੁਣਵੱਤਾ ਸੂਚਕਾਂਕ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ 383 ਹੈ। ਹਾਲਾਂਕਿ, ਪਹਿਲਾਂ ਦੇ ਮੁਕਾਬਲੇ ਥੋੜ੍ਹੀ ਰਾਹਤ ਕਹੀ ਜਾ ਸਕਦੀ ਹੈ, ਜਦੋਂ AQI 400 ਨੂੰ ਪਾਰ ਕਰ ਗਿਆ ਸੀ। ਇਸ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਐਲਾਨ ਕੀਤਾ ਹੈ ਕਿ 27 ਨਵੰਬਰ ਤੋਂ 3 ਦਸੰਬਰ ਤੱਕ ਦਿੱਲੀ ‘ਚ ਪੈਟਰੋਲ ਤੇ ਡੀਜ਼ਲ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਰਹੇਗੀ। ਹਾਲਾਂਕਿ, ਜ਼ਰੂਰੀ ਸੇਵਾਵਾਂ ਵਿੱਚ ਲੱਗੇ ਇਲੈਕਟ੍ਰਿਕ ਤੇ ਸੀਐਨਜੀ ਵਾਹਨਾਂ ਦੀ ਐਂਟਰੀ ਉਪਲਬਧ ਹੋਵੇਗੀ।
ਦਿੱਲੀ ‘ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਲਗਾਈਆਂ ਗਈਆਂ ਪਾਬੰਦੀਆਂ ਦੀ ਸਮੀਖਿਆ ਕਰਨ ਲਈ ਸਮੀਖਿਆ ਮੀਟਿੰਗ ਤੋਂ ਬਾਅਦ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਰਕਾਰ ਨੇ ਸਕੂਲਾਂ, ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਸਰੀਰਕ ਕਲਾਸਾਂ ਮੁੜ ਸ਼ੁਰੂ ਕਰਨ ਤੇ 29 ਨਵੰਬਰ ਤੋਂ ਸਰਕਾਰੀ ਦਫਤਰਾਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਗੋਪਾਲ ਰਾਏ ਨੇ ਸਰਕਾਰੀ ਕਰਮਚਾਰੀਆਂ ਨੂੰ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਅਸੀਂ ਹਾਲ ਹੀ ਵਿੱਚ ਪ੍ਰਾਈਵੇਟ ਸੀਐਨਜੀ ਬੱਸਾਂ ਕਿਰਾਏ ’ਤੇ ਲਈਆਂ ਹਨ। ਅਸੀਂ ਗੁਲਾਬੀ ਬਾਗ ਤੇ ਨਿਮਰੀ ਕਲੋਨੀ ਵਰਗੀਆਂ ਸਰਕਾਰੀ ਰਿਹਾਇਸ਼ੀ ਕਲੋਨੀਆਂ ਦੇ ਕਰਮਚਾਰੀਆਂ ਨੂੰ ਲਿਆਉਣ ਲਈ ਇਨ੍ਹਾਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ।”