ਸਿੱਖ ਭਾਈਚਾਰੇ ਖਿਲਾਫ ਟਿੱਪਣੀ ਕਰਨ ਮਗਰੋਂ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕਈ ਥਾਂ ਸ਼ਿਕਾਇਤਾਂ ਤੇ ਕੇਸ ਦਰਜ ਹੋਣ ਮਗਰੋਂ ਹੁਣ ਦਿੱਲੀ ਵਿਧਾਨ ਸਭਾ ਦੀ ਪੀਸ ਐਂਡ ਹਾਰਮਨੀ ਕਮੇਟੀ ਨੇ ਕੰਗਨਾ ਰਣੌਤ ਨੂੰ ਤਲਬ ਕੀਤਾ ਹੈ। ਕੰਗਨਾ ਨੂੰ 6 ਦਸੰਬਰ ਨੂੰ ਦੁਪਹਿਰ 12 ਵਜੇ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਪੀਸ ਐਂਡ ਹਾਰਮਨੀ ਕਮੇਟੀ ਨੇ ਕੰਗਨਾ ਨੂੰ ਇਹ ਸੰਮਨ ਸਿੱਖ ਸਮਾਜ ‘ਤੇ ਕੀਤੀ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਜਾਰੀ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਪੀਸ ਐਂਡ ਹਾਰਮਨੀ ਕਮੇਟੀ ਦੇ ਚੇਅਰਮੈਨ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਭਿਨੇਤਰੀ ਕੰਗਨਾ ਰਣੌਤ ਖਿਲਾਫ ਇੰਸਟਾਗ੍ਰਾਮ ‘ਤੇ ਸਿੱਖ ਭਾਈਚਾਰੇ ਖਿਲਾਫ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ‘ਚ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਹੈ।
ਕਮੇਟੀ ਵੱਲੋਂ ਜਾਰੀ ਬਿਆਨ ਅਨੁਸਾਰ ਰਣੌਤ ਵਿਰੁੱਧ ਇਹ ਸ਼ਿਕਾਇਤ ਮੰਦਰ ਮਾਰਗ ਥਾਣੇ ਦੇ ਸਾਈਬਰ ਸੈੱਲ ਵਿੱਚ ਦਰਜ ਕਰਵਾਈ ਗਈ ਹੈ। ਕਮੇਟੀ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਆਪਣੀ ਤਾਜ਼ਾ ਪੋਸਟ ‘ਚ ਰਣੌਤ ਨੇ ‘ਜਾਣਬੁੱਝ ਕੇ’ ਕਿਸਾਨਾਂ ਦੇ ਵਿਰੋਧ ਨੂੰ ‘ਖਾਲਿਸਤਾਨੀ ਅੰਦੋਲਨ’ ਕਰਾਰ ਦਿੱਤਾ ਹੈ।