ਵਿਦੇਸ਼ ਆਉਣ-ਜਾਣ ਵਾਲਿਆਂ ਨੂੰ ਮੁੜ ਝਟਕਾ ਲੱਗ ਕਦਾ ਹੈ। ਕਰੋਨਾ ਦੇ ਨਵੇਂ ਰੂਪ ‘ਓਮੀਕਰੋਨ’ ਦੇ ਫੈਲਣ ਕਾਰਨ ਕਈ ਦੇਸ਼ਾਂ ਦੀਆਂ ਫਲਾਈਟਾਂ ‘ਤੇ ਪਾਬੰਦੀ ਲੱਗ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਉਡਾਣਾਂ ’ਤੇ ਲਾਈ ਗਈ ਪਾਬੰਦੀ ਨੂੰ ਹਟਾਉਣ ਦੀ ਯੋਜਨਾ ਦੀ ਸਮੀਖਿਆ ਕਰਨ। ਸੂਤਰਾਂ ਮੁਤਾਬਕ ਕਈ ਦੇਸ਼ਾਂ ਦੀਆਂ ਉਡਾਣਾਂ ਉੱਪਰ ਮੁੜ ਪਾਬੰਦੀ ਲੱਗ ਸਕਦੀ ਹੈ। ਇਸ ਤੋਂ ਇਲਾਵਾ ਸਖਤ ਗਾਈਡਲਾਈਨਜ਼ ਲਾਗੂ ਹੋ ਸਕਦੀਆਂ ਹਨ।
ਦੱਸ ਦਈਏ ਕਿ ਭਾਰਤ ਨੇ ਕਰੋਨਾ ਦੀ ਲਾਗ ਦਾ ਖ਼ਤਰਾ ਘਟਣ ਵਾਲੇ ਮੁਲਕਾਂ ’ਚ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਅਜੇ ਸ਼ੁੱਕਰਵਾਰ ਨੂੰ ਹੀ ਲਿਆ ਸੀ। ਇਸ ਨਾਲ ਵਿਦੇਸ਼ ਆਉਣ-ਜਾਣ ਵਾਲਿਆਂ ਨੂੰ ਕਾਫੀ ਰਾਹਤ ਮਿਲੀ ਸੀ। ਹੁਣ ਕੋਰੋਨਾ ਦਾ ਨਵਾਂ ਰੂਪ ਆਉਣ ਮਗਰੋਂ ਮੁੜ ਸਖਤੀ ਹੋਣ ਲੱਗੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਵੱਲੋਂ ਲਾਗ ਦੇ ਨਵੇਂ ਸਰੂਪ ਨੂੰ ਖ਼ਤਰਨਾਕ ਐਲਾਨਣ ਮਗਰੋਂ ਪੀਐਮ ਮੋਦੀ ਨੇ ਸਾਰੀਆਂ ਕੌਮਾਂਤਰੀ ਉਡਾਣਾਂ ਖਾਸ ਕਰਕੇ ਲਾਗ ਫੈਲਣ ਵਾਲੇ ਮੁਲਕਾਂ ਤੋਂ ਆਉਣ ਵਾਲੇ ਨਾਗਰਿਕਾਂ ਦੀ ਨਿਗਰਾਨੀ ਕਰਨ ਤੇ ਨਿਰਦੇਸ਼ਾਂ ਮੁਤਾਬਕ ਲੋਕਾਂ ਦੇ ਟੈਸਟ ਕਰਨ ਦੇ ਨਿਰਦੇਸ਼ ਦਿੱਤੇ ਹਨ।