ਦੱਖਣੀ ਅਫ਼ਰੀਕਾ ਵਿੱਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਓਮਾਈਕਰੋਨ ਦਾ ਖ਼ਤਰਾ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਕੇਂਦਰ ਸਰਕਾਰ ਨੇ ਇਸ ਬਾਰੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਦੱਖਣੀ ਅਫਰੀਕਾ ਤੋਂ ਬੈਂਗਲੁਰੂ ਪਰਤੇ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਹਵਾਈ ਅੱਡੇ ‘ਤੇ ਦੋਵੇਂ ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ, ਉਨ੍ਹਾਂ ਨੂੰ ਬੈਂਗਲੁਰੂ ਵਿੱਚ ਆਇਸੋਲੇਟ ਕਰ ਦਿੱਤਾ ਗਿਆ ਹੈ। ਹਾਲਾਂਕਿ, ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਨ੍ਹਾਂ ਦੋਵਾਂ ਲੋਕਾਂ ਵਿੱਚ ਕੋਰੋਨਾ ਦਾ ਨਵਾਂ ਵੈਰੀਐਂਟ ਹੈ ਜਾਂ ਨਹੀਂ। ਫਿਲਹਾਲ ਜੀਨੋਮ ਸੀਕਵੈਂਸਿੰਗ ਲਈ ਸੈਂਪਲ ਭੇਜੇ ਗਏ ਹਨ।
ਰਾਜ ਮੰਤਰੀ ਆਰ ਅਸ਼ੋਕ ਨੇ ਕਿਹਾ ਕਿ ਦੱਖਣੀ ਅਫਰੀਕਾ ਤੋਂ 1000 ਤੋਂ ਵੱਧ ਲੋਕ ਵਾਪਸ ਪਰਤੇ ਹਨ। ਸਾਰਿਆਂ ਦੇ ਟੈਸਟ ਕੀਤੇ ਗਏ ਹਨ, ਜਿਹੜੇ ਲੋਕ ਪਹਿਲਾਂ ਹੀ ਬੈਂਗਲੁਰੂ ਜਾਂ ਹੋਰ ਕਿਤੇ ਆ ਚੁੱਕੇ ਹਨ, ਉਨ੍ਹਾਂ ਦਾ 10 ਦਿਨਾਂ ਬਾਅਦ ਦੁਬਾਰਾ ਟੈਸਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਗੁਆਂਢੀ ਰਾਜ ਤਾਮਿਲਨਾਡੂ ਰਾਜ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਕ੍ਰੀਨਿੰਗ ਦੀ ਨਿਗਰਾਨੀ ਲਈ ਸਿਹਤ ਵਿਭਾਗ ਦੇ 4 ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ। ਇਹ ਅਧਿਕਾਰੀ ਚੇਨਈ, ਕੋਇੰਬਟੂਰ, ਮਦੁਰਾਈ ਅਤੇ ਤਿਰੂਚਿਰਾਪੱਲੀ ਹਵਾਈ ਅੱਡਿਆਂ ‘ਤੇ ਰਹਿਣਗੇ।