ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਨਵਾਂ ਪ੍ਰਧਾਨ ਮਿਲ ਸਕਦਾ ਹੈ। ਅੱਜ ਜਨਰਲ ਇਜਲਾਸ ਵਿੱਚ ਅਹੁਦੇਦਾਰਾਂ ਦੀ ਚੋਣ ਹੋਏਗੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਤੇ ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਚਰਚਾ ਹੈ ਕਿ ਇਸ ਵਾਰ ਵਿਧਾਨ ਸਭਾ ਨੇੜੇ ਹੋਣ ਕਰਕੇ ਵੱਡਾ ਫੇਰ-ਬਦਲ ਹੋ ਸਕਦਾ ਹੈ। ਵੋਟ ਬੈਂਕ ਨੂੰ ਧਿਆਨ ਵਿੱਚ ਰੱਖ ਕੇ ਅਹੁਦੇ ਦਿੱਤੇ ਜਾ ਸਕਦੇ ਹਨ।
ਸੂਤਰਾਂ ਮੁਤਾਬਕ ਪ੍ਰਧਾਨਗੀ ਦੇ ਅਹੁਦੇ ਲਈ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਨਾਂ ਦੀ ਚਰਚਾ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਦਲਿਤਾਂ ਨੂੰ ਲੈ ਕੇ ਚੱਲ ਰਹੀ ਸਿਆਸਤ ਕਰਕੇ ਬਲਵੀਰ ਸਿੰਘ ਘੁੰਨਸ ਨੂੰ ਵੀ ਪ੍ਰਧਾਨ ਬਣਾ ਸਕਦਾ ਹੈ। ਚਾਰ ਵਾਰ ਵਿਧਾਇਕ ਤੇ ਪਾਰਲੀਮਾਨੀ ਸਕੱਤਰ ਰਹੇ ਘੁੰਨਸ 10 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਨ। ਉਹ ਮਹਿਲ ਕਲਾਂ ਦੇ ਹਲਕਾ ਇੰਚਾਰਜ ਵੀ ਹਨ ਪਰ ਸਮਝੌਤੇ ਤਹਿਤ ਇਹ ਸੀਟ ਬਸਪਾ ਨੂੰ ਆ ਗਈ। ਇਸ ਤਰ੍ਹਾਂ ਘੁੰਨਸ ਨੂੰ ਅਕਾਲੀ ਦਲ ਦੀ ਟਿਕਟ ਤੋਂ ਵੀ ਵਾਂਝਾ ਰੱਖਣ ਦੀ ਕਾਰਵਾਈ ਤੋਂ ਘੁੰਨਸ ਨੂੰ ਪ੍ਰਧਾਨ ਬਣਾਏ ਜਾਣ ਦੀਆਂ ਕਿਆਸਅਰਾਈਆਂ ਹਨ।