Airtel ਨੇ ਹਾਲ ਹੀ ‘ਚ ਆਪਣੇ ਨਵੇਂ ਪ੍ਰੀਪੇਡ ਪਲਾਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਆਪਣੀਆਂ ਟੈਰਿਫ ਦਰਾਂ ਵਧਾ ਦਿੱਤੀਆਂ ਹਨ। ਅਜਿਹੇ ‘ਚ ਕੰਪਨੀ ਦੇ ਗਾਹਕਾਂ ‘ਤੇ ਦਬਾਅ ਵਧ ਗਿਆ ਹੈ ਪਰ ਇਸ ਦਬਾਅ ਵਿਚਾਲੇ ਕੰਪਨੀ ਨੇ ਕੁਝ ਰਾਹਤ ਵੀ ਦਿੱਤੀ ਹੈ। ਕੰਪਨੀ ਆਪਣੇ ਕੁਝ ਚੁਣੇ ਹੋਏ ਰੀਚਾਰਜ ਪੈਕਾਂ ‘ਤੇ ਪ੍ਰਤੀ ਦਿਨ ਮੁਫਤ 500mb ਡਾਟਾ ਦੇ ਰਹੀ ਹੈ। ਇਹ ਡੇਟਾ ਪੈਕ ‘ਚ ਪਾਏ ਜਾਣ ਵਾਲੇ ਡਾਟਾ ਤੋਂ ਵੱਖਰਾ ਹੋਵੇਗਾ।
ਕੰਪਨੀ ਆਪਣੇ 265 ਰੁਪਏ, 299 ਰੁਪਏ, 719 ਰੁਪਏ ਅਤੇ 839 ਰੁਪਏ ਦੇ ਪੈਕ ਦੇ ਨਾਲ ਇਹ 500mb ਵਾਧੂ ਡਾਟਾ ਮੁਫਤ ਦੇ ਰਹੀ ਹੈ। ਪੈਕ ‘ਚ ਮਿਲੇ ਡਾਟਾ ਤੋਂ ਬਾਅਦ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਕੰਪਨੀ ਆਮ ਤੌਰ ‘ਤੇ 265 ਰੁਪਏ ਵਾਲੇ ਪਲਾਨ ‘ਚ 1GB ਰੋਜ਼ਾਨਾ ਡਾਟਾ ਦਿੰਦੀ ਹੈ, ਜਦਕਿ 299 ਰੁਪਏ ਅਤੇ 719 ਰੁਪਏ ਵਾਲੇ ਪੈਕ ‘ਚ 1.5GB ਡਾਟਾ ਰੋਜ਼ਾਨਾ ਅਤੇ 839 ਰੁਪਏ ਵਾਲੇ ਪਲਾਨ ‘ਚ 2GB ਰੋਜ਼ਾਨਾ ਡਾਟਾ ਦਿੰਦੀ ਹੈ।
ਜ਼ਿਕਰਯੋਗ ਹੈ ਕਿ ਕੰਪਨੀ ਦੀ ਵੈੱਬਸਾਈਟ ‘ਤੇ ਮੌਜੂਦ ਜਾਣਕਾਰੀ ਮੁਤਾਬਕ ਵਾਧੂ ਡਾਟਾ ਲਾਭਾਂ ਲਈ ਤੁਹਾਨੂੰ ਏਅਰਟੈੱਲ ਥੈਂਕਸ ਐਪ ਦੀ ਵਰਤੋਂ ਕਰਨੀ ਪਵੇਗੀ। ਇਹ ਵਾਧੂ ਡਾਟਾ ਤੁਹਾਡੇ ਮੌਜੂਦਾ ਪਲਾਨ ਦੀ ਵੈਲੀਡਿਟੀ ਦੌਰਾਨ ਹੀ ਉਪਲਬਧ ਹੋਵੇਗਾ। ਤੁਹਾਨੂੰ ਮੌਜੂਦਾ ਵੈਲੀਡਿਟੀ ਦੌਰਾਨ ਹੀ ਡਾਟਾ ਦੀ ਵਰਤੋਂ ਕਰਨੀ ਪਵੇਗੀ।