ਜਿਵੇਂ ਜਿਵੇਂ ਪੰਜਾਬ ‘ਚ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਚੋਣ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਸਿਆਸੀ ਪਾਰਟੀਆਂ ਸੱਤਾ ‘ਚ ਆਉਣ ਲਈ ਰਣਨੀਤੀ ੳਲੀਕ ਰਹੀਆਂ ਹਨ। ਇਸ ਦੇ ਤਹਿਤ ਪਾਰਟੀਆਂ ‘ਚ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਚੋਣ ਮੈਦਾਨ ‘ਚ ਉਤਾਰਨ ਦਾ ਟਰੈਂਡ ਚੱਲ ਪਿਆ ਹੈ। ਸੂਤਰਾਂ ਮੁਤਾਬਕ ਵਿਵਾਦਤ ਸ਼ਖ਼ਸੀਅਤ ਤੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਵੀ ਚੋਣ ਮੈਦਾਨ ਵਿੱਚ ਉੱਤਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਲੜ ਸਕਦਾ ਹੈ। ਦੱਸ ਦਈਏ ਕਿ ਹਾਲ ਹੀ ‘ਚ ਮੂਸੇਵਾਲਾ ਬਾਰੇ ਅਫ਼ਵਾਹਾਂ ਉੱਡਣ ਲੱਗੀਆਂ ਸੀ ਕਿ ਉਹ ਵਿਧਾਨ ਸਭਾ ਚੋਣਾਂ ਲਈ ਕਿਸੇ ਸਿਆਸੀ ਪਾਰਟੀ ਦਾ ਚਿਹਰਾ ਬਣ ਸਕਦਾ ਹੈ। ਪਰ ਮੂਸੇਵਾਲਾ ਦੇ ਕਰੀਬੀ ਸੂਤਰਾਂ ਨੇ ਕਨਫ਼ਰਮ ਕਰਕੇ ਇਨ੍ਹਾਂ ਅਫ਼ਵਾਹਾਂ ‘ਤੇ ਵਿਰਾਮ ਲਗਾ ਦਿੱਤਾ ਹੈ।
ਕਿੱਦਾਂ ਡੌਟ ਕੌਮ ਦੀ ਖ਼ਬਰ ਦੇ ਮੁਤਾਬਕ ਮੂਸੇਵਾਲਾ ਦੇ ਕਰੀਬੀ ਦੋਸਤ ਸੰਨੀ ਮਲਤੋਂ ਨੇ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਸਟੋਰੀ ਪਾਈ, ਜਿਸ ਵਿੱਚ ਉਸ ਨੇ ਸਿੱਧੂ ਮੂਸੇਵਾਲਾ ਦੇ ਚੋਣ ਮੈਦਾਨ ਵਿੱਚ ਉੱਤਰਨ ਦੀ ਖ਼ਬਰ ‘ਤੇ ਮੋਹਰ ਲਗਾਈ। ਇਸ ਦੇ ਨਾਲ ਹੀ ਮੂਸੇਵਾਲਾ ਨੇ ਵੀ ਆਪਣੇ ਦੋਸਤ ਦੀ ਇਸ ਸਟੋਰੀ ਨੂੰ ਸ਼ੇਅਰ ਕੀਤਾ।
ਸੰਨੀ ਮਲਤੋਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ਕਿ ਇੱਕ ਸੈਲੀਬ੍ਰਿਟੀ ਦੀ ਆਪਣੀ ਜ਼ਿੰਦਗੀ ਅਤੇ ਆਪਣੇ ਫ਼ੈਸਲੇ ਹੁੰਦੇ ਹਨ। ਸਿੱਧੂ ਮੂਸੇਵਾਲਾ ਦੇ ਵੀ ਕੁੱਝ ਸੁਪਨੇ ਹਨ। ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਰਾਜਨੀਤੀ ਵਿੱਚ ਆ ਕੇ ਉਹ ਗਾਉਣਾ ਨਹੀਂ ਛੱਡਣਗੇ।