ਦੱਖਣੀ ਅਫਰੀਕਾ ਤੋਂ ਭਾਰਤ ਪਰਤਿਆ ਇੱਕ ਵਿਅਕਤੀ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਇਹ ਵਿਅਕਤੀ ਚੰਡੀਗੜ੍ਹ ਸਥਿਤ ਆਪਣੇ ਘਰ ਪਰਤਿਆ, ਜਿਸ ਤੋਂ ਬਾਅਦ ਕੱਲ੍ਹ ਉਹ ਕੋਰੋਨਾ ਪੌਜ਼ੇਟਿਵ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੇ ਪਰਿਵਾਰ ਦਾ ਇੱਕ ਮੈਂਬਰ ਅਤੇ ਘਰੇਲੂ ਨੌਕਰ ਵੀ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਹੈ।
ਜਾਣਕਾਰੀ ਦਿੰਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਇਹ 39 ਸਾਲਾ ਵਿਅਕਤੀ 21 ਨਵੰਬਰ ਨੂੰ ਦੱਖਣੀ ਅਫਰੀਕਾ ਤੋਂ ਚੰਡੀਗੜ੍ਹ ਪਰਤਿਆ ਸੀ, ਜਿਸ ਦੀ ਆਰਟੀ-ਪੀਸੀਆਰ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ, ਮੁੜ ਜਾਂਚ ‘ਤੇ ਉਹ ਪਿਛਲੇ ਦਿਨ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ। ਇਸ ਦੇ ਨਾਲ ਹੀ ਹੁਣ ਉਸ ਦਾ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਦਿੱਲੀ ਭੇਜਿਆ ਜਾਵੇਗਾ।
ਦੱਸ ਦੇਈਏ ਕਿ WHO ਨੇ ਦੱਖਣੀ ਅਫਰੀਕਾ ਵਿੱਚ ਪਾਏ ਜਾਣ ਵਾਲੇ ਓਮੀਕਰੋਨ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਇਸ ਵੇਰੀਐਂਟ ਦੇ ਕੁਝ ਮਾਮਲੇ ਦੂਜੇ ਦੇਸ਼ਾਂ ਵਿੱਚ ਵੀ ਦੇਖੇ ਗਏ ਹਨ। ਇਸ ਦੇ ਨਾਲ ਹੀ ਭਾਰਤ ਵਿੱਚ ਹੁਣ ਤੱਕ ਓਮੀਕਰੋਨ ਦਾ ਇੱਕ ਵੀ ਮਾਮਲਾ ਦਰਜ ਨਹੀਂ ਹੋਇਆ ਹੈ। ਹਾਲਾਂਕਿ, ਕੁਝ ਸ਼ੱਕੀ ਮਾਮਲੇ ਅਜੇ ਵੀ ਜਾਂਚ ਅਧੀਨ ਹਨ।