ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਲੱਖਾ ਸਿਧਾਣਾ ਦੀ ਬੀਤੀ ਰਾਤ ਮੀਟਿੰਗ ਹੋਈ। ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਉੱਤੇ ਲੱਖਾ ਸਿਧਾਣਾ ਦੀ ਕਰੀਬ ਇੱਕ ਘੰਟਾ ਮੁਲਾਕਾਤ ਹੋਈ। ਮੁੱਖ ਮੰਤਰੀ ਨਾਲ ਗੱਲਬਾਤ ਦੌਰਾਨ ਪੰਜਾਬੀਆਂ ਨੂੰ ਨੌਕਰੀਆਂ, ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦੇ ਮਾਮਲੇ ‘ਤੇ ਚਰਚਾ ਹੋਈ। ਲੱਖਾ ਸਿਧਾਣਾ ਨੇ ਕਿਹਾ ਕਿ 300 ਗੈਰ-ਪੰਜਾਬੀ ਲੋਕਾਂ ਨੂੰ ਦੂਜੇ ਰਾਜਾਂ ਤੋਂ ਲਿਆ ਕੇ ਪੰਜਾਬ ਪੁਲਿਸ ਵਿੱਚ ਵੱਖ-ਵੱਖ ਰੈਂਕਾਂ ਵਿੱਚ ਸਿੱਧੇ ਤੌਰ ‘ਤੇ ਭਰਤੀ ਕੀਤਾ ਗਿਆ ਹੈ ਅਤੇ ਇਹ ਮੁੱਦਾ ਮੁੱਖ ਮੰਤਰੀ ਕੋਲ ਉਠਾਇਆ ਹੈ। ਮੁੱਖ ਮੰਤਰੀ ਨੇ ਭਰੋਸਾ ਦਿੰਦਿਆ ਕਿਹਾ ਕਿ ਆਉਂਦੇ ਦੋ ਦਿਨਾਂ ਵਿੱਚ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
ਸਿਧਾਣਾ ਦਾ ਕਹਿਣਾ ਹੈ ਕਿ ਸਾਲ 2014, 2016 ਅਤੇ 2021 ਵਿੱਚ ਹੋਈ ਭਰਤੀ ਦੌਰਾਨ ਪੰਜਾਬੀਆਂ ਦੇ ਹੱਕਾਂ ਦਾ ਘਾਣ ਕਰਕੇ ਬਾਹਰਲੇ ਵਿਅਕਤੀਆਂ ਦੀ ਨਿਯੁਕਤੀ ਕੀਤੀ ਗਈ ਸੀ। ਇਸ ਦੌਰਾਨ ਪੰਜ ਡੀਐਸਪੀ, 44 ਇੰਸਪੈਕਟਰ, 21 ਸਬ-ਇੰਸਪੈਕਟਰ, 40 ਏਐਸਆਈ, 15 ਹੈੱਡ ਕਾਂਸਟੇਬਲ ਅਤੇ 112 ਕਾਂਸਟੇਬਲਾਂ ਨੂੰ ਦੂਜੇ ਰਾਜਾਂ ਤੋਂ ਲਿਆ ਕੇ ਪੰਜਾਬ ਪੁਲੀਸ ਵਿੱਚ ਸਿੱਧੇ ਤੌਰ ’ਤੇ ਭਰਤੀ ਕੀਤਾ ਗਿਆ, ਜਿਸ ਨਾਲ ਪੰਜਾਬੀਆਂ ਦੀ ਨੌਕਰੀ ਦੇ ਮੌਕੇ ਖੋਹ ਲਏ ਗਏ ਹਨ।
ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦਾ ਮੁੱਦਾ ਵੀ ਵਿਚਾਰਿਆ ਗਿਆ, ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਬਾਰੇ ਜਲਦੀ ਹੀ ਕਾਨੂੰਨ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਬਿਜਲੀ, ਰੇਤ ਸਮੇਤ ਕਈ ਹੋਰ ਮੁੱਦੇ ਵਿਚਾਰੇ ਗਏ।