ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕੇਂਦਰ ਸਰਕਾਰ ਨੇ ਇੱਕ ਵਾਰ ਮੁੜ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਹੈ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਦਿਹਾਤੀ ਵਿਕਾਸ ਫੰਡ (ਆਰਡੀਐਫ) ਦੀ ਰਕਮ ਰੋਕ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਝੋਨੇ ਦੀ ਫ਼ਸਲ ਖ਼ਰੀਦ ’ਤੇ 3 ਫ਼ੀਸਦ ਆਰਡੀਐਫ ਪੰਜਾਬ ਸਰਕਾਰ ਨੂੰ ਦਿੱਤਾ ਜਾਂਦਾ ਹੈ। ਇਹ ਫੰਡ ਪੰਜਾਬ ਦੀਆਂ ਮੰਡੀਆਂ ਵਿੱਚ ਵਿਕਣ ਵਾਲੇ ਅਨਾਜ ’ਤੇ ਤਿੰਨ ਫ਼ੀਸਦ ਦਿਹਾਤੀ ਵਿਕਾਸ ਫੰਡ ਵਜੋਂ ਕੇਂਦਰ ਸਰਕਾਰ ਤੋਂ ਲਿਆ ਜਾਂਦਾ ਹੈ।
ਇਸ ਬਾਰੇ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਅਸੀਂ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹਾਂ, ਉਨ੍ਹਾਂ ਨੂੰ ਜਿਨ੍ਹਾਂ ਚੀਜ਼ਾਂ ’ਤੇ ਇਤਰਾਜ਼ ਹੈ, ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦਸ ਦੇਈਏ ਕਿ ਕੇਂਦਰ ਸਰਕਾਰ ਨੇ ਪਹਿਲਾਂ ਵੀ ਆਰਡੀਐਫ ਦੀ ਰਕਮ ਰੋਕੀ ਸੀ ਜਿਸ ਮਗਰੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਹ ਮਸਲਾ ਕੇਂਦਰ ਸਰਕਾਰ ਕੋਲ ਉਠਾਇਆ ਸੀ।
ਇਸ ਵਾਰ ਝੋਨੇ ਦੀ ਖ਼ਰੀਦ ਸਬੰਧੀ ਵੱਖ ਵੱਖ ਮੱਦਾਂ ਵਿਚ ਕੇਂਦਰ ਸਰਕਾਰ ਕਿੰਨਾ ਪੈਸਾ ਕਿਹੜੇ ਸੂਬੇ ਨੂੰ ਦੇਵੇਗੀ, ਇਸ ਲਈ ਭੇਜੀ ਜਾਣ ਵਾਲੀ ਪ੍ਰੋਵੀਜ਼ਨਲ ਕਾਸਟ ਸ਼ੀਟ ਵਿਚ ਆਰਡੀਐਫ ਨੂੰ ਜ਼ੀਰੋ ਵਿਖਾਇਆ ਗਿਆ ਹੈ। ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਆਰਡੀਐਫ ਦੇ ਰੂਪ ਵਿਚ ਸਾਨੂੰ 1091 ਕਰੋੜ ਰੁਪਏ ਮਿਲਣੇ ਸਨ। ਇਸ ਨੂੰ ਲੈਣ ਲਈ ਪਹਿਲਾਂ ਹੀ ਅਸੀਂ ਯਤਨ ਕੀਤੇ ਸਨ, ਇਸ ਕਾਰਨ ਅਸੀਂ ਕੇਂਦਰ ਤੋਂ 3500 ਕਰੋੜ ਰੁਪਏ ਲੈਣ ਵਿਚ ਸਫਲ ਰਹੇ ਹਾਂ। ਹੁਣ ਇਕ ਵਾਰ ਫਿਰ ਯਤਨ ਕਰਨਾ ਪਵੇਗਾ।