ਮੌਸਮ ਵਿਭਾਗ ਨੇ ਚੱਕਰਵਾਤੀ ਤੂਫਾਨ ‘ਜਵਾਦ’ ਦੇ ਆਉਣ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਅੰਡੇਮਾਨ ਸਾਗਰ ‘ਚ 12 ਘੰਟਿਆਂ ‘ਚ ਘੱਟ ਦਬਾਅ ਵਾਲਾ ਖੇਤਰ ਬਣ ਜਾਵੇਗਾ। 2 ਦਸੰਬਰ ਨੂੰ ਇਹ ਡੂੰਘੇ ਦਬਾਅ ‘ਚ ਬਦਲ ਜਾਵੇਗਾ ਜੋ 4 ਦਸੰਬਰ ਦੀ ਸਵੇਰ ਨੂੰ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਤੱਟਾਂ ਨਾਲ ਟਕਰਾ ਸਕਦਾ ਹੈ।
ਚੱਕਰਵਾਤ ਕਾਰਨ ਦੱਖਣੀ ਬੰਗਾਲ ਦੇ ਲਗਭਗ ਸਾਰੇ ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਪੱਛਮੀ ਬੰਗਾਲ ਸਰਕਾਰ ਨੇ ਕਿਸਾਨਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਉਹ ਖੇਤਾਂ ‘ਚ ਪਈ ਮੱਕੀ ਨੂੰ ਵੱਢ ਕੇ ਬੰਨ੍ਹ ਦੇਣ ਕਿਉਂਕਿ ਭਾਰੀ ਮੀਂਹ ਕਾਰਨ ਫ਼ਸਲਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਤੂਫਾਨ ਦਾ ਅਸਰ ਛੱਤੀਸਗੜ੍ਹ ‘ਤੇ ਵੀ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਆਈਐਮਡੀ ਦੇ ਮ੍ਰਿਤੁੰਜੇ ਮਹਾਪਾਤਰਾ ਨੇ ਓਡੀਸ਼ਾ ਦੇ ਤੱਟਵਰਤੀ ਜ਼ਿਲ੍ਹੇ ‘ਚ 3 ਦਸੰਬਰ ਤੋਂ ਮੀਂਹ ਪੈਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸਮੁੰਦਰ ‘ਚ ਜਾਣ ਵਾਲੇ ਸਾਰੇ ਮਛੇਰਿਆਂ ਨੂੰ 2 ਦਸੰਬਰ ਤਕ ਵਾਪਸ ਆਉਣ ਦੀ ਅਪੀਲ ਕੀਤੀ ਹੈ। ਇਸ ਨਾਲ ਹੀ ਚੱਕਰਵਾਤ ‘ਜਵਾਦ’ ਦੇ ਖਤਰੇ ਨੂੰ ਦੇਖਦੇ ਹੋਏ ਰੇਲਵੇ ਨੇ ਇਹਤਿਆਤ ਦੇ ਤੌਰ ‘ਤੇ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਕਈ ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਹ ਟਰੇਨਾਂ 3 ਤੇ 4 ਦਸੰਬਰ ਨੂੰ ਰੱਦ ਕਰ ਦਿੱਤੀਆਂ ਗਈਆਂ ਹਨ।