ਝੋਨੇ ਦਾ ਸੀਜ਼ਨ ਖਤਮ ਹੋ ਗਿਆ ਹੈ ਪਰ ਦਿੱਲੀ ਦੀ ਆਬੋ-ਹਵਾ ਵਿੱਚ ਅਜੇ ਵੀ ਜ਼ਹਿਰ ਘੁਲਿਆ ਹੋਇਆ ਹੈ। ਇਸ ਤੋਂ ਸਪਸ਼ਟ ਹੈ ਕਿ ਹਵਾ ਪ੍ਰਦੂਸ਼ਨ ਲਈ ਪਰਾਲੀ ਸਾੜਨ ਵਾਲੇ ਕਿਸਾਨ ਜ਼ਿੰਮੇਵਾਰ ਨਹੀਂ। ਇਹ ਪ੍ਰਦੂਸ਼ਨ ਕਾਰਖਾਨਿਆਂ ਤੇ ਵਾਹਨਾਂ ਵੱਲੋਂ ਫੈਲਾਇਆ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰਾਂ ਕਿਸਾਨਾਂ ਲਈ ਸਖਤ ਕਾਨੂੰਨ ਬਣਾਉਣ ਵਿੱਚ ਦੇਰੀ ਨਹੀਂ ਲਾਉਂਦੀਆਂ ਪਰ ਉਦਯੋਗਪਤੀਆਂ ਖਿਲਾਫ ਕੋਈ ਕਰਵਾਈ ਕਰਨ ਤੋਂ ਕਤਰਾ ਰਹੀਆਂ ਹਨ।
ਇਸ ਗੰਭੀਰ ਮੁੱਦੇ ਬਾਰੇ ਅੱਜ ਸੁਪਰੀਮ ਕੋਰਟ ਨੇ ਤਿੱਖੇ ਸਵਾਲ ਉਠਾਏ ਹਨ। ਅਦਾਲਤ ਨੇ ਕਿਹਾ ਹੈ ਕਿ ਉਹ ਸਨਅਤੀ ਤੇ ਵਾਹਨਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਨ ਬਾਰੇ ਗੰਭੀਰ ਹੈ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਤੁਸੀਂ ਸਾਡੇ ਮੋਢਿਆਂ ’ਤੇ ਬੰਦੂਕ ਰੱਖ ਕੇ ਨਹੀਂ ਚਲਾ ਸਕਦੇ, ਤੁਹਾਨੂੰ ਆਪ ਕਦਮ ਚੁੱਕਣੇ ਪੈਣਗੇ।
ਸੁਪਰੀਮ ਕੋਰਟ ਨੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਹਵਾ ਪ੍ਰਦੂਸ਼ਨ ਕੰਟਰੋਲ ਕਰਨ ਲਈ ਯੋਜਨਾ ਬਣਾਉਣ ਲਈ 24 ਘੰਟਿਆਂ ਦੀ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਕਿਹਾ ਕਿ ਜੇ ਉਹ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਅਦਾਲਤ ਆਦੇਸ਼ ਦੇਵੇਗੀ। ਹੁਣ ਮਾਮਲੇ ਦੀ ਸੁਣਵਾਈ 3 ਦਸੰਬਰ ਨੂੰ ਸਵੇਰੇ 10 ਵਜੇ ਕਰੇਗੀ।