ਦਸੰਬਰ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਠੰਢ ਨੇ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਹੈ। 3 ਦਸੰਬਰ ਨੂੰ ਪੰਜਾਬ ‘ਚ ਕਈ ਥਾਵਾਂ ‘ਤੇ ਹਲਕੀ ਬੂੰਦਾ ਬਾਂਦੀ ਹੋਈ, ਪਰ ਧੁੰਦ ਨੇ ਕਾਫ਼ੀ ਪਰੇਸ਼ਾਨ ਕੀਤਾ। ਪਹਾੜਾਂ ‘ਤੇ ਹੋ ਰਹੀ ਬਰਫ਼ਬਾਰੀ ਨੇ ਮੈਦਾਨੀ ਇਲਾਕਿਆਂ ਦਾ ਪਾਰਾ ਹੋਰ ਘਟਾ ਦਿੱਤਾ ਹੈ। ਜਿਵੇਂ ਕਿ ਮੌਸਮ ਵਿਭਾਗ ਨੇ ਭਵਿੱਖਵਾਣੀ ਕੀਤੀ ਸੀ ਕਿ 1 ਦਸੰਬਰ ਤੋਂ ਪਹਾੜਾਂ ‘ਤੇ ਬਰਫ਼ਬਾਰੀ ਹੋਵੇਗੀ, ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਠੰਢ ਵਧੇਗੀ। ਇਸ ਦੇ ਨਾਲ ਹੀ ਸਵੇਰ ਦੇ ਸਮੇਂ ਹਲਕੀ ਧੁੱਪ ਨਿਕਲੀ, ਜਿਸ ਤੋਂ ਉਮੀਦ ਹੋਈ ਸੀ ਕਿ ਸ਼ਾਇਦ ਧੁੱਪ ਨਿਕਲਣ ਕਾਰਨ ਠੰਢ ਤੋਂ ਥੋੜ੍ਹੀ ਰਾਹਤ ਮਿਲੇਗੀ। ਪਰ ਕੁੱਝ ਮਿੰਟਾਂ ਵਿੱਚ ਹੀ ਸੂਰਜ ਵਾਪਸ ਬੱਦਲਾਂ ਵਿੱਚ ਲੁਕ ਗਿਆ।
ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਪਹਿਲੀ ਦਸੰਬਰ ਤੋਂ ਹੀ ਠੰਢ ਨੇ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ੁੱਕਰਵਾਰ ਦੀ ਸਵੇਰ ਸੂਬੇ ਦੇ ਕਈ ਇਲਾਕਿਆਂ ‘ਚ ਹਲਕੀ ਬੂੰਦਾ ਬਾਂਦੀ ਹੋਈ। ਜਿਸ ਤੋਂ ਬਾਅਦ ਕੁੱਝ ਦੇਰ ਲਈ ਸੂਰਜ ਵੀ ਨਿਕਲਿਆ, ਪਰ ਕੁੱਝ ਹੀ ਮਿੰਟਾਂ ਵਿੱਚ ਸੂਰਜ ਬੱਦਲਾਂ ‘ਚ ਲੁਕ ਗਿਆ।ਤਾਪਮਾਨ ਦੀ ਗੱਲ ਕੀਤੀ ਜਾਏ ਤਾਂ 7.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਬਠਿੰਡਾ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ, ਜਦਕਿ ਹਰਿਆਣਾ ‘ਚ 7.9 ਡਿਗਰੀ ਸੈਲਸੀਅਸ ਨਾਲ ਹਿਸਾਰ ਸਭ ਤੋਂ ਘੱਟ ਤਾਪਮਾਨ ਵਾਲਾ ਸ਼ਹਿਰ ਰਿਕਾਰਡ ਕੀਤਾ ਗਿਆ।