ਅਗਲੇ ਮਹੀਨੇ ਬੈਂਕ ਖਾਤਾਧਾਰਕਾਂ ਨੂੰ ਏਟੀਐੱਮ ‘ਚੋਂ ਪੈਸੇ ਕਢਵਾਉਣਾ ਮਹਿੰਗਾ ਪੈ ਸਕਦਾ ਹੈ। ਦਰਅਸਲ ਬੈਂਕ ਗਾਹਕਾਂ ਨੂੰ ਮੁਫ਼ਤ ATM ਟ੍ਰਾਂਜ਼ੈਕਸ਼ਨ ਲਿਮਟ ਪਾਰ ਕਰਨ ‘ਤੇ ਜ਼ਿਆਦਾ ਭੁਗਤਾਨ ਕਰਨਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਜੂਨ ਮਹੀਨੇ ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ 1 ਜਨਵਰੀ 2022 ਤੋਂ ਮੁਫ਼ਤ ਮਾਸਿਕ ਹੱਦ ਤੋਂ ਜ਼ਿਆਦਾ ਨਕਦੀ ਤੇ ਗ਼ੈਰ-ਨਕਦੀ ਏਟੀਐੱਮ ਲੈਣ-ਦੇਣ ਲਈ ਫੀਸ ਵਧਾਉਣ ਦੀ ਇਜਾਜ਼ਤ ਦਿੱਤੀ ਸੀ। ਅਜਿਹੇ ਵਿਚ 1 ਜਨਵਰੀ 2022 ਤੋਂ ਏਟੀਐੱਮ ਤੋਂ ਤੈਅ ਟ੍ਰਾਂਜ਼ੈਕਸ਼ਨ ਤੋਂ ਜ਼ਿਆਦਾ ਵਾਰ ਲੈਣ-ਦੇਣ ਕਰਨ ‘ਤੇ ਜ਼ਿਆਦਾ ਚਾਰਜ ਦੇਣਾ ਪਵੇਗਾ।
RBI ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਿਸੇ ਵੀ ਬੈਂਕ ਦੇ ATM ‘ਚ ਮੁਫ਼ਤ ਹੱਦ ਤੋਂ ਉੱਪਰ ਵਿੱਤੀ ਲੈਣ-ਦੇਣ ਫੀਸ 21 ਰੁਪਏ ਤੇ ਨਾਲ ਹੀ GST ਚਾਰਜ ਦੇਣਾ ਪਵੇਗਾ। ਫਿਲਹਾਲ ਏਟੀਐੱਮ ਤੋਂ ਤੈਅ ਹੱਦ ਤੋਂ ਜ਼ਿਆਦਾ ਲੈਣ-ਦੇਣ ‘ਤੇ 20 ਰੁਪਏ ਚਾਰਜ ਦੇਣਾ ਹੁੰਦਾ ਹੈ। ਆਰਬੀਆਈ ਨੇ ਬੈਂਕਾਂ ਨੂੰ ਉੱਚ ਇੰਟਰਚੇਂਜ ਫੀਸ ਦੀ ਭਰਪਾਈ ਕਰਨ ਤੇ ਲਾਗਤ ‘ਚ ਆਮ ਵਾਧੇ ਨੂੰ ਦੇਖਦੇ ਹੋਏ ਗਾਹਕ ਫੀਸ ਵਧਾ ਕੇ 21 ਰੁਪਏ ਪ੍ਰਤੀ ਲੈਣ-ਦੇਣ ਕਰਨ ਦੀ ਇਜਾਜ਼ਤ ਹੈ।
ਬੈਂਕ ਖਾਤਾਧਾਰਕ ATM ਤੋਂ ਹਰ ਮਹੀਨੇ 5 ਮੁਫ਼ਤ ਲੈਣ-ਦੇਣ ਲਈ ਯੋਗ ਬਣੇ ਰਹਿਣਗੇ। ਉੱਥੇ ਹੀ RBI ਨੇ ਬੈਂਕਾਂ ਨੂੰ ਵਿੱਤੀ ਲੈਣ-ਦੇਣ ਲਈ 15 ਰੁਪਏ ਤੋਂ 17 ਰੁਪਏ ਤਕ ਅਤੇ ਸਾਰੇ ਬੈਂਕਾਂ ‘ਚ ਗ਼ੈਰ-ਵਿੱਤੀ ਲੈਣ-ਦੇਣ ਲਈ 5 ਰੁਪਏ ਤੋਂ 6 ਰੁਪਏ ਤਕ ਪ੍ਰਤੀ ਲੈਣ-ਦੇਣ ਇੰਚਰਚੇਂਜ- ਫੀਸ ਵਧਾਉਣ ਦੀ ਵੀ ਇਜਾਜ਼ਤ ਦਿੱਤੀ ਸੀ। ਇਹ 1 ਅਗਸਤ 2021 ਤੋਂ ਲਾਗੂ ਹੋ ਗਈ ਸੀ।