ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਵਿਖੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਵਿਅਕਤੀ ਦੀ ਪਿੰਡ ਵਿਚ ਹੀ ਅਣਪਛਾਤਿਆਂ ਵੱਲੋ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਚਰਨਦਾਸ ਨਾਮ ਦਾ ਇਹ ਵਿਅਕਤੀ ਡੇਰਾ ਸਿਰਸਾ ਨਾਲ ਸਬੰਧਿਤ ਸੀ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਜਦੋਂ ਇਹ ਵਿਅਕਤੀ ਪਿੰਡ ਦੀ ਹੀ ਇੱਕ ਕਰਿਆਨਾ ਦੁਕਾਨ ‘ਤੇ ਬੈਠਾ ਸੀ ਤਾਂ ਇਸੇ ਦੌਰਾਨ ਮੋਟਰਸਾਇਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਇਸਨੂੰ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਗੰਭੀਰ ਜ਼ਖ਼ਮੀ ਹਾਲਤ ਵਿਚ ਉਸ ਨੂੰ ਇਲਾਜ ਲਈ ਬਠਿੰਡਾ ਲਿਜਾਇਆ ਗਿਆ ਪਰ ਰਸਤੇ ਵਿਚ ਇਸਦੀ ਮੌਤ ਹੋ ਗਈ।
ਸੂਤਰਾਂ ਅਨੁਸਾਰ ਬੀਤੇ ਸਮੇਂ ਦੌਰਾਨ ਪਿੰਡ ਭੂੰਦੜ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਿਚ ਵੀ ਇਸ ਵਿਅਕਤੀ ਦੀ ਸ਼ਮੂਲੀਅਤ ਸੀ। 2018 ਵਿਚ ਪਿੰਡ ਭੂੰਦੜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਹੋਈ ਸੀ। ਜਦੋਂ ਕਥਿਤ ਤੌਰ ‘ਤੇ ਚਰਨਦਾਸ ਅਤੇ ਉਸਦੀ ਭਰਜਾਈ ਗੁਰਦੁਆਰਾ ਸਾਹਿਬ ਚੋਂ ਸਰੂਪ ਚੁਕ ਕੇ ਲਿਜਾ ਰਹੇ ਸੀ ਅਤੇ ਇਨ੍ਹਾਂ ਨੂੰ ਗ੍ਰੰਥੀ ਸਿੰਘ ਨੇ ਦੇਖ ਲਿਆ ਸੀ।