ਬੰਗਾਲ ਦੀ ਖਾੜੀ ‘ਤੇ ਬਣਿਆ ਡੂੰਘਾ ਦਬਾਅ ਹੁਣ ਚੱਕਰਵਾਤ ‘ਜਵਾਦ’ ‘ਚ ਬਦਲਦਾ ਨਜ਼ਰ ਆ ਰਿਹਾ ਹੈ। ਜਵਾਦ ਐਤਵਾਰ ਨੂੰ ਓਡੀਸ਼ਾ ਪਹੁੰਚ ਸਕਦਾ ਹੈ। ਇਹ ਜਾਣਕਾਰੀ ਭਾਰਤੀ ਮੌਸਮ ਵਿਭਾਗ ਨੇ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ, ਚੱਕਰਵਾਤ ਕਾਰਨ ਜਿਨ੍ਹਾਂ ਖੇਤਰਾਂ ਵਿੱਚ ਸਭ ਤੋਂ ਵੱਧ ਨੁਕਸਾਨ ਹੋ ਸਕਦਾ ਹੈ, ਉਨ੍ਹਾਂ ਵਿੱਚ ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ, ਵਿਜ਼ਿਆਨਗਰਮ ਅਤੇ ਵਿਸ਼ਾਖਾਪਟਨਮ ਜ਼ਿਲ੍ਹੇ ਸ਼ਾਮਲ ਹਨ। ਇਸ ਤੋਂ ਇਲਾਵਾ ਓਡੀਸ਼ਾ ਦੇ ਗਜਪਤੀ, ਗੰਜਮ, ਪੁਰੀ, ਨਯਾਗੜ੍ਹ, ਖੁਰਦਾ, ਕਟਕ, ਜਗਤਸਿੰਘਪੁਰ ਅਤੇ ਕੇਂਦਰਪਾੜਾ ਜ਼ਿਲ੍ਹਿਆਂ ਦੇ ਕਈ ਖੇਤਰ ਸ਼ਾਮਲ ਹਨ। ਚੱਕਰਵਾਤੀ ਤੂਫ਼ਾਨ ਜਵਾਦ ਕਾਰਨ ਆਂਧਰਾ ਪ੍ਰਦੇਸ਼ ਤੋਂ ਲੈ ਕੇ ਉੜੀਸਾ ਤੱਕ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਮੁਤਾਬਕ, ਚੱਕਰਵਾਤ ਅੱਜ ਉੱਤਰੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਤੱਟ ਦੇ ਨੇੜੇ ਪੱਛਮੀ-ਮੱਧ ਬੰਗਾਲ ਦੀ ਖਾੜੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਹ ਤੂਫਾਨ ਓਡੀਸ਼ਾ ਅਤੇ ਨਾਲ ਲੱਗਦੇ ਆਂਧਰਾ ਪ੍ਰਦੇਸ਼ ਦੇ ਤੱਟ ‘ਤੇ ਉੱਤਰ-ਉੱਤਰ-ਪੂਰਬ ਵੱਲ ਵਧੇਗਾ। ਮੌਸਮ ਵਿਭਾਗ ਮੁਤਾਬਕ 5 ਦਸੰਬਰ ਯਾਨੀ ਐਤਵਾਰ ਨੂੰ ਦੁਪਹਿਰ ਤੱਕ ਪੁਰੀ ਦੇ ਆਸ-ਪਾਸ ਤੱਟਾਂ ਨਾਲ ਟਕਰਾਉਣ ਦੀ ਸੰਭਾਵਨਾ ਹੈ। ਉੱਤਰੀ ਆਂਧਰਾ ਪ੍ਰਦੇਸ਼ ਤੱਟ ਅਤੇ ਉੜੀਸਾ ਤੱਟ ਦੇ ਨੇੜੇ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।