ਪਿਛਲੇ ਇੱਕ ਸਾਲ ਤੋਂ ਲਗਾਤਾਰ ਅੰਦਰੂਨੀ ਕਲੇਸ਼ ਵਿੱਚ ਘਿਰੀ ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੌਕਸ ਹੋ ਗਈ ਹੈ। ਹਾਈਕਮਾਨ ਨੇ ਲਗਾਤਾਰ ਮੀਟਿੰਗਾਂ ਕਰਕੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨੂੰ ਹੁਣ ਸੰਭਲ ਕੇ ਚੱਲਣ ਦੀਆਂ ਹਦਾਇਤਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਪਾਰਟੀ ਰੁੱਸੇ ਲੀਡਰਾਂ ਨੂੰ ਮਨਾਉਣ ਤੇ ਜਲਦ ਤੋਂ ਜਲਦ ਬਕਾਇਆ ਕੰਮ ਨਿਬੇੜਨ ਵਿੱਚ ਲੱਗ ਗਈ ਹੈ।
ਸੂਤਰਾਂ ਮੁਤਾਬਕ ਪਾਰਟੀ ਜਲਦ ਹੀ ਸੰਗਠਨ ਦਾ ਐਲਾਨ ਕਰ ਦੇਵੇਗੀ ਤੇ ਨਾਲ ਹੀ ਟਿਕਟਾਂ ਦੀ ਵੰਡ ਦਾ ਕੰਮ ਵੀ ਵਿੱਢ ਦੇਵੇਗੀ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤਕਰੀਬਨ ਸਾਰੇ ਤੇ ਆਮ ਆਦਮੀ ਪਾਰਟੀ 10 ਉਮੀਦਵਾਰ ਐਲਾਨ ਚੁੱਕੀ ਹੈ। ਵਿਰੋਧੀ ਪਾਰਟੀਆਂ ਦੇ ਇਨ੍ਹਾਂ ਉਮੀਦਵਾਰਾਂ ਨੇ ਚੋਣ ਪ੍ਰਚਾਰ ਵੀ ਵਿੱਢ ਦਿੱਤਾ ਹੈ ਪਰ ਕਾਂਗਰਸੀ ਉਮੀਦਵਾਰ ਅਜੇ ਹਰੀ ਝੰਡੀ ਉਡੀਕ ਰਹੇ ਹਨ।
ਦਸ ਦੇਈਏ ਕਿ ਕਾਂਗਰਸ ਹਾਈਕਮਾਨ ਵੱਲੋਂ ਐਤਕੀਂ ਕਾਂਗਰਸ ਉਮੀਦਵਾਰਾਂ ਦਾ ਐਲਾਨ ਪਹਿਲਾਂ ਕੀਤਾ ਜਾ ਸਕਦਾ ਹੈ। ਪਹਿਲੀ ਵਾਰ ਹੈ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੀ ਕਾਂਗਰਸ ਨੇ ਚੋਣ ਪ੍ਰਚਾਰ ਕਮੇਟੀ ਅਤੇ ਤਾਲਮੇਲ ਕਮੇਟੀ ਦਾ ਐਲਾਨ ਕੀਤਾ ਹੈ। ਪਾਰਟੀ ਹਾਈਕਮਾਨ ਨੇ ਇਨ੍ਹਾਂ ਉੱਚ ਪੱਧਰੀ ਕਮੇਟੀਆਂ ਜ਼ਰੀਏ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਨੂੰ ਮੱਠਾ ਕਰਨ ਤੇ ਸਿਆਸੀ ਤਵਾਜ਼ਨ ਬਣਾਉਣ ਦਾ ਵੀ ਯਤਨ ਕੀਤਾ ਹੈ।