ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਅਤੇ ਮਨਾਲੀ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਸੋਮਵਾਰ ਨੂੰ ਸੂਬੇ ਦੇ ਸ਼ਿਮਲਾ, ਕੁੱਲੂ, ਮਨਾਲੀ, ਲਾਹੌਲ ਸਪਿਤੀ, ਕਿਨੌਰ ਸਮੇਤ ਕਈ ਇਲਾਕਿਆਂ ‘ਚ ਬਰਫਬਾਰੀ ਹੋਈ। ਸ਼ਿਮਲਾ ਸ਼ਹਿਰ ਵਿੱਚ ਹਲਕੀ ਬਾਰਸ਼ ਹੋਈ। ਇਸ ਦੇ ਨਾਲ ਹੀ ਭਾਰੀ ਗੜੇਮਾਰੀ ਹੋਈ। ਤਿੰਨ ਰਾਸ਼ਟਰੀ ਰਾਜਮਾਰਗ ਬੰਦ ਹਨ। ਇਨ੍ਹਾਂ ਵਿੱਚ ਸ਼ਿਮਲਾ ਨੂੰ ਕੁੱਲੂ ਤੋਂ ਜਾਲੋਰੀ ਪਾਸ, ਗ੍ਰਾਮਫੂ-ਕਾਜ਼ਾ ਅਤੇ ਲੇਹ-ਮਨਾਲੀ ਹਾਈਵੇ ਰਾਹੀਂ ਜੋੜਨ ਵਾਲਾ ਮਾਰਗ ਸ਼ਾਮਲ ਹੈ।
ਜ਼ਾਹਰ ਹੈ ਕਿ ਹਿਮਾਚਲ ਦੇ ਲਗਭਗ ਸਾਰਿਆਂ ਇਲਾਕਿਆਂ `ਚ ਭਾਰੀ ਜਾਂ ਹਲਕੀ ਬਰਫ਼ਬਾਰੀ ਹੋਈ ਹੈ, ਜਿਸ ਦਾ ਅਸਰ ਉੱਤਰ ਭਾਰਤ ਵਿੱਚ ਤਾਂ ਦਿਖਣਾ ਹੀ ਸੀ। ਪੰਜਾਬ ਤੇ ਇਸ ਦੇ ਗੁਆਂਢੀ ਸੂਬਿਆਂ `ਚ ਵੀ ਪਾਰਾ ਹੇਠਾਂ ਡਿੱਗਿਆ ਹੈ। ਦਿਨ ਅਤੇ ਰਾਤ ਦੇ ਸਮੇਂ ਮੌਸਮ ਵਿੱਚ ਜ਼ਿਆਦਾ ਠੰਢਕ ਮਹਿਸੂਸ ਹੋਣ ਲੱਗੀ ਹੈ। ਕਿਉਂਕਿ ਪਾਰਾ 4 ਡਿਗਰੀ ਹੇਠਾਂ ਡਿੱਗ ਗਿਆ ਹੈ। ਪੰਜਾਬ ਦਾ ਸਭ ਤੋਂ ਠੰਢਾ ਇਲਾਕਾ ਮੰਗਲਵਾਰ ਨੂੰ ਆਦਮਪੁਰ (5.2 ਡਿਗਰੀ ਸੈਲਸੀਅਸ) ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 4-5 ਦਿਨਾਂ ਤੱਕ ਸੂਬੇ ਵਿਚ ਮੌਸਮ ਸਾਫ਼ ਰਹੇਗਾ, ਪਰ ਕਈ ਇਲਾਕਿਆਂ ਵਿੱਚ ਧੁੰਦ ਪਰੇਸ਼ਾਨ ਕਰ ਸਕਦੀ ਹੈ।ਮੰਗਲਵਾਰ ਦੀ ਗੱਲ ਕੀਤੀ ਜਾਏ ਤਾਂ ਬਠਿੰਡਾ `ਚ 6.2 ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਆਦਮਪੁਰ ਤੋਂ ਬਾਅਦ ਸਭ ਤੋਂ ਘੱਟ ਤਾਪਮਾਨ ਹੈ। ਇਹੀ ਨਹੀਂ ਬਠਿੰਡਾ ਵਾਸੀਆਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਵੀ ਕਰਨਾ ਪਿਆ, ਜਿਸ ਕਾਰਨ ਆਵਾਜਾਈ ਵਿੱਚ ਕਾਫ਼ੀ ਸਮੱਸਿਆ ਪੇਸ਼ ਆਈ।