ਇੰਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਕਾਂਗਰਸ ਆਗੂ ਸੁਖਪਾਲ ਖਹਿਰਾ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਇੱਥੋਂ ਦੀ ਵਿਸ਼ੇਸ਼ ਈਡੀ ਅਦਾਲਤ ਵਿਚ ਸੁਣਵਾਈ ਦੌਰਾਨ ਸਰਕਾਰੀ ਵਕੀਲ ਤੇ ਬਚਾਅ ਧਿਰ ਨੇ ਆਪਣੀਆਂ ਦਲੀਲਾਂ ਰੱਖੀਆਂ। ਸਰਕਾਰੀ ਵਕੀਲ ਨੇ ਦਲੀਲ ਦਿੱਤੀ ਸੀ ਕਿ ਸਾਬਕਾ ਵਿਧਾਇਕ ਖਹਿਰਾ ‘ਤੇ ਲੱਗੇ ਦੋਸ਼ ਸੰਗੀਨ ਹਨ, ਅਜਿਹੇ ਦੋਸ਼ਾਂ ਤਹਿਤ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਉਥੇ ਬਚਾਅ ਧਿਰ ਦਾ ਵਕੀਲ ਕ੍ਰਾਸ ਐਗਜ਼ਾਮੀਨੇਸ਼ਨ ਵਿਚ ਅਦਾਲਤ ਨੂੰ ਆਪਣੇ ਸਪੱਸ਼ਟੀਕਰਨ ਨਾਲ ਸੰਤੁਸ਼ਟ ਨਹੀਂ ਕਰਵਾ ਸਕਿਆ।
ਜ਼ਿਕਰਯੋਗ ਹੈ ਕਿ ਦਲੀਲਾਂ ਪੂਰੀਆਂ ਕਰਨ ਮਗਰੋਂ ਅਦਾਲਤ ਨੇ ਜ਼ਮਾਨਤ ਪਟੀਸ਼ਨ ਖ਼ਾਰਜ ਕਰਨ ਦਾ ਫ਼ੈਸਲਾ ਸੁਣਾਇਆ। 11 ਨਵੰਬਰ ਨੂੰ ਈਡੀ ਨੇ ਖਹਿਰਾ ਨੂੰ ਹਿਰਾਸਤ ਵਿਚ ਲਿਆ ਸੀ ਤੇ ਉਸ ਨੂੰ ਮਨੀ ਲਾਂਡਰਿੰਗ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਂਦਰੀ ਜਾਂਚ ਏਜੰਸੀ ਨੇ ਹਿਰਾਸਤ ਵਿਚ ਲੈ ਲਿਆ ਸੀ।