ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਦੱਖਣੀ ਅਫਰੀਕਾ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਵਨਡੇ ਫਾਰਮੈਟ ‘ਚ ਹੁਣ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨਹੀਂ, ਰੋਹਿਤ ਸ਼ਰਮਾ ਹੋਣਗੇ। ਰੋਹਿਤ ਸ਼ਰਮਾ ਨੂੰ ਟੈਸਟ ਫਾਰਮੈਟ ਵਿਚ ਵੀ ਟੀਮ ਦੀ ਉਪ ਕਪਤਾਨੀ ਮਿਲੀ ਹੈ। ਅਜਿਹੇ ‘ਚ ਹੁਣ ਸੀਮਤ ਓਵਰਾਂ ਦੀ ਕ੍ਰਿਕਟ ‘ਚ ਉਪ-ਕਪਤਾਨ ਕੌਣ ਹੋਵੇਗਾ, ਇਹ ਇਕ ਦਿਲਚਸਪ ਸਵਾਲ ਹੈ।
ਰੋਹਿਤ ਸ਼ਰਮਾ ਵਨਡੇ ਅਤੇ ਟੀ-20 ਕ੍ਰਿਕਟ ‘ਚ ਕਪਤਾਨੀ ਕਰਦੇ ਨਜ਼ਰ ਆਉਣਗੇ, ਜਦਕਿ ਸੀਮਤ ਓਵਰਾਂ ਦੀ ਸੀਰੀਜ਼ ‘ਚ ਟੀਮ ਇੰਡੀਆ ਦਾ ਉਪ-ਕਪਤਾਨ ਕੌਣ ਹੋਵੇਗਾ, ਇਸ ਦਾ ਜਵਾਬ ਸ਼ਾਇਦ ਕੇਐੱਲ ਰਾਹੁਲ ਦੇ ਰੂਪ ‘ਚ ਮਿਲੇਗਾ। ਕੇਐਲ ਰਾਹੁਲ ਨੂੰ ਨਿਊਜ਼ੀਲੈਂਡ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਲਈ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ ਸੀ। ਅਜਿਹੇ ‘ਚ ਸੰਭਵ ਹੈ ਕਿ ਕੇ.ਐੱਲ ਰਾਹੁਲ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ‘ਚ ਟੀਮ ਦੇ ਉਪ ਕਪਤਾਨ ਹੋਣਗੇ। ਇਸ ਤੋਂ ਇਲਾਵਾ ਕਈ ਖਿਡਾਰੀ ਇਸ ਦੌੜ ਵਿਚ ਸ਼ਾਮਲ ਹਨ।