ਆਮ ਆਦਮੀ ਪਾਰਟੀ ਨੂੰ ਪੰਜਾਬ ਚੋਂ ਲਗਾਤਾਰ ਝਟਕੇ ਮਿਲ ਰਹੇ ਹਨ। ਹੁਣ ਤਕ ਪਾਰਟੀ ਦੇ 20 ‘ਚੋਂ 11 ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ ਹੈ। ਇਸ ਤੋਂ ਇਲਾਵਾ ਪਾਰਟੀ ਅਜੇ ਤੱਕ ਮੁੱਖ ਮੰਤਰੀ ਦੇ ਅਹੁਦੇ ਲਈ ਕੋਈ ਚਿਹਰਾ ਨਹੀਂ ਐਲਾਨ ਸਕੀ ਜਿਸ ਕਰਕੇ ਵਰਕਰਾਂ ਵਿੱਚ ਵੀ ਨਿਰਾਸ਼ਾ ਹੈ।
ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਭਾਵੇਂ ਪੰਜਾਬ ਦੇ ਵੋਟਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਗਾਰੰਟੀ ਕਾਰਡ ਵੰਡ ਰਹੇ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਸਿੱਧੇ ਰੇਤ ਮਾਫ਼ੀਏ ਨੂੰ ਲੈ ਕੇ ਸ਼ਬਦੀ ਵਾਰ ਕਰ ਰਹੇ ਹਨ, ਪਰ ਪਾਰਟੀ ਅੰਦਰਲੀ ਖਿੱਚੋਤਾਣ ਮੁਸੀਬਤ ਬਣ ਰਹੀ ਹੈ। ਇਸ ਦਾ ਲਾਹਾ ਲੈਂਦਿਆਂ ਹੀ ਕਾਂਗਰਸ ਨੇ ਡੂੰਘੀ ਸੱਟ ਮਾਰਨ ਦੀ ਰਣਨੀਤੀ ਘੜੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ‘ਆਪ’ ਦੇ ਸੀਨੀਅਰ ਤੇ ਮਜ਼ਬੂਤ ਵਿਧਾਇਕ ਨੂੰ ਪਾਰਟੀ ‘ਚ ਸ਼ਾਮਲ ਕਰਨ ਦੀ ਤਿਆਰੀ ਕੀਤੀ ਹੈ।