ਖੇਤੀ ਕਾਨੂੰਨਾਂ ਦੇ ਰੱਦ ਹੋਣ ਅਤੇ ਹੋਰ ਕਿਸਾਨ ਮੰਗਾਂ ‘ਤੇ ਸਹਿਮਤੀ ਬਣਨ ਮਗਰੋਂ ਸੰਯੁਕਤ ਕਿਸਾਨ ਮੋਰਚਾ ਨੇ ਅੰਦੋਲਨ ਸਸਪੈਂਡ ਕਰ ਦਿੱਤਾ। ਜਿਸ ਮਗਰੋਂ ਕਿਸਾਨਾਂ ਨੇ ਫਤਿਹ ਮਾਰਚ ਕੱਢ ਘਰ ਵਾਪਸੀ ਸ਼ੁਰੂ ਕਰ ਦਿੱਤੀ।ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਰਬਾਰ ਸਾਹਿਬ ਸ਼੍ਰੀ ਅੰਮਿਤਸਰ ਵਿਖੇ ਨਤਮਸਤਕ ਹੋਣਗੀਆਂ। ਕਿਸਾਨਾਂ ਨੇ ਇਸ ਦਾ ਕਿਸਾਨ ਮੋਰਚੇ ਦੀ ਮੀਟਿੰਗ ਸਮੇਂ ਪਹਿਲਾਂ ਹੀ ਐਲਾਨ ਕੀਤਾ ਸੀ।ਕਿਸਾਨ ਆਪਣੀ ਜਿੱਤ ਦੀ ਖੁਸ਼ੀ ਵਜੋਂ ਦਰਬਾਰ ਸਾਹਿਬ ਮੱਥਾ ਟੇਕਣਗੇ।ਇਸ ਮੌਕੇ ਕਿਸਾਨ ਲੀਡਰਾਂ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਜਾਏਗਾ।
ਦਸ ਦੇਈਏ ਕਿ ਕਿਸਾਨਾਂ ਨੇ ਸ਼ਨੀਵਾਰ ਨੂੰ ਦਿੱਲੀ ਦੇ ਬਾਰਡਰਾਂ ਤੋਂ ਘਰ ਵਾਪਸੀ ਸ਼ੁਰੂ ਕੀਤੀ ਸੀ।ਰਸਤੇ ਵਿੱਚ ਥਾਂ ‘ਤੇ ਕਿਸਾਨਾਂ ਦਾ ਫੁੱਲਾਂ ਦੀ ਵਰਖਾ ਅਤੇ ਢੋਲ-ਭੰਗੜੇ ਨਾਲ ਸਵਾਗਤ ਕੀਤਾ ਗਿਆ।ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ 15 ਜਨਵਰੀ ਨੂੰ ਦਿੱਲੀ ਵਿੱਚ ਹੋਏਗੀ।ਕਿਸਾਨਾਂ ਦਾ ਇਹ ਅੰਦੋਲਨ ਲਗਾਤਾਰ 380 ਦਿਨ ਚੱਲਿਆ।ਇਸ ਅੰਦੋਲਨ ਦੌਰਾਨ 700 ਦੇ ਕਰੀਬ ਕਿਸਾਨ ਸ਼ਹੀਦ ਵੀ ਹੋ ਗਏ।ਕਿਸਾਨਾਂ ਨੇ ਬੀਤੇ ਰਾਤ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਿੰਘੂ ਬਾਰਡਰ ਨੂੰ ਮੋਮਬੱਤੀਆਂ ਨਾਲ ਰੌਸ਼ਨ ਕੀਤਾ।