ਅਗਲੇ ਸਾਲ ਯਾਨੀ 2022 ਦੀ ਸ਼ੁਰੂਆਤ ਕੇਂਦਰੀ ਕਰਮਚਾਰੀਆਂ ਲਈ ਬਹੁਤ ਖੁਸ਼ਹਾਲ ਹੋਣ ਵਾਲੀ ਹੈ। ਮਹਿੰਗਾਈ ਭੱਤੇ (DA), ਮਹਿੰਗਾਈ ਰਾਹਤ (DR) ਵਿੱਚ ਵਾਧੇ ਦੀ ਸੰਭਾਵਨਾ ਹੈ ਤੇ ਨਾਲ ਹੀ ਕਰਮਚਾਰੀਆਂ ਨੂੰ ਇੱਕ ਹੋਰ ਲਾਭ ਦਿੱਤਾ ਜਾ ਰਿਹਾ ਹੈ। ਦਰਅਸਲ, ਸਰਕਾਰ ਕੇਂਦਰੀ ਕਰਮਚਾਰੀਆਂ ਦੇ ਫਿਟਮੈਂਟ ਫੈਕਟਰ ‘ਤੇ ਵੀ ਵੱਡਾ ਫੈਸਲਾ ਲੈ ਸਕਦੀ ਹੈ।
ਫਿਟਮੈਂਟ ਫੈਕਟਰ ਕਰਮਚਾਰੀਆਂ ਦੀ ਤਨਖਾਹ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਕਾਰਨ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਢਾਈ ਗੁਣਾ ਵਧ ਜਾਂਦੀ ਹੈ। 7ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ਭੱਤਿਆਂ ਤੋਂ ਇਲਾਵਾ ਉਨ੍ਹਾਂ ਦੀ ਮੁੱਢਲੀ ਤਨਖ਼ਾਹ ਤੇ ਫਿਟਮੈਂਟ ਫੈਕਟਰ ਦੁਆਰਾ ਤੈਅ ਕੀਤੀ ਜਾਂਦੀ ਹੈ। ਯਾਨੀ ਜੇਕਰ ਇਸ ਨੂੰ ਵਧਾਉਣ ਦਾ ਫੈਸਲਾ ਲਿਆ ਜਾਂਦਾ ਹੈ ਤਾਂ ਮੁਲਾਜ਼ਮਾਂ ਨੂੰ ਦੋਹਰਾ ਲਾਭ ਮਿਲੇਗਾ
ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਮਹਿੰਗਾਈ ਭੱਤੇ ਵਿੱਚ ਵਾਧਾ ਹੋ ਸਕਦਾ ਹੈ। ਹਾਲਾਂਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਕਿੰਨਾ ਵਧੇਗਾ ਅਤੇ ਕਦੋਂ ਇਸ ਦਾ ਐਲਾਨ ਕੀਤਾ ਜਾਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਮਹਿੰਗਾਈ ਭੱਤਾ 31 ਫੀਸਦੀ ਤੋਂ ਵਧ ਕੇ 34 ਫੀਸਦੀ ਹੋ ਸਕਦਾ ਹੈ। ਇਸ ਦੇ ਨਾਲ ਹੀ ਬਜਟ 2022 ‘ਚ ਫਿਟਮੈਂਟ ਫੈਕਟਰ ‘ਤੇ ਵੀ ਫੈਸਲਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਮੰਤਰੀ ਮੰਡਲ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਬਜਟ ਦੇ ਖਰਚੇ ‘ਚ ਸ਼ਾਮਲ ਕੀਤਾ ਜਾਵੇਗਾ।