ਪੰਜਾਬ ਵਿੱਚ ਰੋਡਵੇਜ਼ ਦਾ ਚੱਕਾ ਜਾਮ ਹੈ। ਲੋਕ ਕਈ ਦਿਨਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਬਣੀ ਹੋਈ ਹੈ। ਅਜਿਹੇ ਵਿੱਚ ਚੰਨੀ ਸਰਕਾਰ ਬੇਖਬਰ ਨਜ਼ਰ ਆ ਰਹੀ ਹੈ। ਪੀਆਰਟੀਸੀ ਦੇ ਕੱਚੇ ਡਰਾਈਵਰਾਂ, ਕੰਡਕਟਰਾਂ ਤੇ ਹੋਰ ਕਲੈਰੀਕਲ ਤੇ ਟੈਕਨੀਕਲ ਮੁਲਾਜ਼ਮਾਂ ਵੱਲੋਂ ਪਿਛਲੇ ਇੱਕ ਹਫਤੋਂ ਤੋਂ ਹੜਤਾਲ ਕੀਤੀ ਹੋਈ ਹੈ। ਇਸ ਨਾਲ ਪੀਆਰਟੀਸੀ ਨੂੰ ਹੁਣ ਤੱਕ 7 ਕਰੋੜ ਰੁਪਏ ਦਾ ਰਗੜਾ ਲੱਗ ਚੁੱਕਾ ਹੈ।
ਅਹਿਮ ਗੱਲ ਹੈ ਕਿ ਚੰਨੀ ਸਰਕਾਰ ਇਸ ਵੱਲ ਭੋਰਾ ਵੀ ਧਿਆਨ ਨਹੀਂ ਦੇ ਰਹੀ। ਹੁਣ ਪੀਆਰਟੀਸੀ ਮੁਲਾਜ਼ਮਾਂ ਦੇ ਨਾਲ-ਨਾਲ ਆਮ ਲੋਕ ਵੀ ਸਰਕਾਰ ਤੋਂ ਔਖੇ ਨਜ਼ਰ ਆ ਰਹੇ ਹਨ। ਪੀਆਰਟੀਸੀ, ਪਨਬੱਸ ਤੇ ਪੰਜਾਬ ਰੋਡਵੇਜ਼ ਕੰਟਰੈਕਟ ਯੂਨੀਅਨ ਦੀ ਹੜਤਾਲ ’ਚ ਪੀਆਰਟੀਸੀ ਤੇ ਪਨਬਸ ਦੇ ਕੱਚੇ ਕਾਮੇ ਹਿੱਸਾ ਲੈ ਰਹੇ ਹਨ। ਉਹ ਕੰਪਨੀਆਂ ਦੀ ਥਾਂ ਟਰਾਂਸਪੋਰਟ ਵਿਭਾਗ ਦੇ ਅਧੀਨ ਲਿਆ ਕੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ।
ਯੂਨੀਅਨ ਦੇ ਬੁਲਾਰੇ ਹਰਕੇਸ਼ ਵਿੱਕੀ ਦਾ ਕਹਿਣਾ ਹੈ ਕਿ ਇਸ ਹੜਤਾਲ ’ਚ ਲਗਪਗ 8 ਹਜ਼ਾਰ ਕੱਚੇ ਕਾਮੇ ਹਿੱਸਾ ਲੈ ਰਹੇ ਹਨ। ਹਾਲ ਦੀ ਘੜੀ 1100 ਵਿੱਚੋਂ ਸਿਰਫ਼ 200 ਬੱਸਾਂ ਹੀ ਚੱਲ ਰਹੀਆਂ ਹਨ। ਪੀਆਰਟੀਸੀ ਦੀ ਰੋਜ਼ਾਨਾ ਦੀ ਆਮਦਨੀ ਵੀ ਹੁਣ 1.85 ਕਰੋੜ ਰੁਪਏ ਤੋਂ ਘਟ ਕੇ 60 ਲੱਖ ’ਤੇ ਆ ਗਈ ਹੈ।