ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਪਰ ਤਰਸ ਆ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਮੁੱਖ ਮੰਤਰੀ ਚੰਨੀ ਨਾਲ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੇ ਵਿਵਹਾਰ ਤੋਂ ਬੇਹੱਦ ਦੁਖੀ ਹਨ। ਉਨ੍ਹਾਂ ਕਿਹਾ ਕਿ ‘ਅਥਾਹ ਸਮਰੱਥਾ’ ਹੋਣ ਦੇ ਬਾਵਜੂਦ ਮੁੱਖ ਮੰਤਰੀ ਨੂੰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਧੀਨ ਰੱਖਿਆ ਜਾ ਰਿਹਾ ਹੈ।
ਕੈਪਟਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਚੰਨੀ ਨੂੰ ਕਾਬਲੀਅਤ ਦੇ ਬਾਵਜੂਦ ਨਵਜੋਤ ਸਿੱਧੂ ਦੀ ਸਨਕ ਹੇਠਾਂ ਦਬਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਜਾਪਦਾ ਹੈ ਕਿ ਉਹ ਸਿਰਫ ਰਾਤ ਦੇ ਚੌਕੀਦਾਰ ਬਣ ਕੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਤਰਫੋਂ ਨਵਜੋਤ ਸਿੱਧੂ ਨੂੰ ਚੋਣ ਕਮੇਟੀ ਦਾ ਚੇਅਰਮੈਨ ਥਾਪ ਕੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਹੇਠਾਂ ਲਾ ਦਿੱਤਾ ਗਿਆ ਹੈ ਜੋ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ।
ਉਨ੍ਹਾਂ ਕਿਹਾ ਕਿ ਚੰਨੀ ਨੂੰ ਅਜਿਹੀ ਬੇਇੱਜ਼ਤੀ ਤੇ ਅਪਮਾਨ ਦਾ ਸਾਹਮਣਾ ਕਰਨ ਦੀ ਥਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਬਲੈਕਮੇਲਿੰਗ ਅੱਗੇ ਝੁਕ ਕੇ ਮੁੱਖ ਮੰਤਰੀ ਦੀ ਕਾਂਗਰਸ ਬੇਇੱਜ਼ਤੀ ਕਰ ਰਹੀ ਹੈ। ਕੈਪਟਨ ਨੇ ਕਿਹਾ, ‘ਚੰਨੀ ਅਖੀਰ ਵਿੱਚ ਰਾਤ ਦਾ ਚੌਕੀਦਾਰ ਬਣ ਕੇ ਰਹਿ ਜਾਵੇਗਾ।’’ ਉਨ੍ਹਾਂ ਕਿਹਾ ਕਿ ਇਹ ‘ਬੇਮਿਸਾਲ‘ ਹੈ ਕਿ ਇੱਕ ਮੁੱਖ ਮੰਤਰੀ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਧੀਨ ਰੱਖਿਆ ਗਿਆ ਹੈ। ਕਿਸੇ ਵੀ ਸਵੈ-ਮਾਣ ਵਾਲੇ ਨੇਤਾ ਨੂੰ ਅਜਿਹਾ ਅਪਮਾਨ ਸਵੀਕਾਰ ਨਹੀਂ ਕਰਨਾ ਚਾਹੀਦਾ।’’