ਲਖੀਮਪੁਰ ਖੀਰੀ ਮਾਮਲੇ ਦੇ ਤਿੰਨ ਮਹੀਨੇ ਬਾਅਦ SIT ਦੀ ਜਾਂਚ ‘ਚ ਵੱਡਾ ਖੁਲਾਸਾ ਹੋਇਆ ਹੈ। ਜਾਂਚ ਟੀਮ ਨੇ ਇਸ ਨੂੰ ਕਤਲ ਦੀ ਸੋਚੀ ਸਮਝੀ ਸਾਜ਼ਿਸ਼ ਦੱਸਦਿਆਂ ਮੁੱਖ ਮੁਲਜ਼ਮ ਮੰਤਰੀ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ ਸਾਰੇ ਮੁਲਜ਼ਮਾਂ ‘ਤੇ ਕਈ ਗੰਭੀਰ ਧਾਰਾਵਾਂ ਵਧਾ ਦਿੱਤੀਆਂ ਹਨ। ਇਸ ਵਿੱਚ ਧਾਰਾ 307, 326 ਅਤੇ 34 ਸ਼ਾਮਲ ਹਨ।
3 ਅਕਤੂਬਰ ਦੀ ਲਖੀਮਪੁਰ ਖੀਰੀ ਹਿੰਸਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਚੀਫ਼ ਜੁਡੀਸ਼ਲ ਮੈਜਿਸਟਰੇਟ (ਸੀਜੇਐੱਮ) ਅੱਗੇ 13 ਮੁਲਜ਼ਮਾਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦੀ ਨਵੀਂ ਧਾਰਾ ਦਰਜ ਕਰਨ ਲਈ ਅਰਜ਼ੀ ਦਾਇਰ ਕੀਤੀ ਹੈ ਐੱਸਆਈਟੀ ਦੇ ਜਾਂਚ ਅਧਿਕਾਰੀ ਵਿੱਦਿਆਰਾਮ ਦਿਵਾਕਰ ਨੇ ਆਈਪੀਸੀ ਦੀਆਂ ਧਾਰਾਵਾਂ 279, 338 ਅਤੇ 304ਏ ਦੀ ਥਾਂ ਵਾਰੰਟ ਵਿੱਚ ਨਵੀਂ ਧਾਰਾਵਾਂ ਜੋੜਨ ਲਈ ਸੀਜੇਐੱਮ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ।
ਆਪਣੀ ਅਰਜ਼ੀ ਵਿੱਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਲਖੀਮਪੁਰ ਖੀਰੀ ਘਟਨਾ ਯੋਜਨਾਬੱਧ ਅਤੇ ਜਾਣਬੁੱਝ ਕੇ ਕੀਤੀ ਗਈ ਸੀ ਨਾ ਕਿ ਲਾਪ੍ਰਵਾਹੀ ਜਾਂ ਗਲਤੀ ਸੀ। ਜਾਂਚ ਅਧਿਕਾਰੀ ਨੇ ਧਾਰਾ 279 ਨੂੰ ਬਦਲ ਕੇ ਭਾਰਤੀ ਦੰਡਾਵਲੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼), 326, 34 , 338 ਅਤੇ 304ਏ ਲਾਉਣ ਦੀ ਬੇਨਤੀ ਕੀਤੀ ਹੈ।