ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੇ ਦੁਨੀਆਂ ਦੇ ਕਈ ਦੇਸ਼ਾਂ ‘ਚ ਦਸਤਕ ਦੇ ਦਿੱਤੀ ਹੈ। ਇਸ ਕਾਰਨ ਦੁਨੀਆਂ ‘ਚ ਇੱਕ ਵਾਰ ਫਿਰ ਸਖ਼ਤੀ ਵਰਤੀ ਜਾ ਰਹੀ ਹੈ। ਇਸੇ ਕੜੀ ‘ਚ ਅਮਰੀਕੀ ਹਵਾਈ ਫ਼ੌਜ ਦੇ 27 ਲੋਕਾਂ ਨੂੰ ਹਟਾਉਣ ਦੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਫ਼ੌਜੀਆਂ ਨੇ ਟੀਕਾ ਲਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਹੁਕਮਾਂ ਦੀ ਉਲੰਘਣਾ ਮੰਨਦਿਆਂ ਨੌਕਰੀ ਤੋਂ ਹਟਾਏ ਜਾਣ ਦੀ ਇਹ ਪਹਿਲੀ ਕਾਰਵਾਈ ਹੈ।
ਅਮਰੀਕੀ ਹਵਾਈ ਫ਼ੌਜ ਨੇ ਆਪਣੇ ਜਵਾਨਾਂ ਨੂੰ ਵੈਕਸੀਨ ਲੈਣ ਲਈ 2 ਨਵੰਬਰ ਤਕ ਦਾ ਸਮਾਂ ਦਿੱਤਾ ਸੀ। ਜਦਕਿ ਹਜ਼ਾਰਾਂ ਸੈਨਿਕਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ ਜਾਂ ਛੋਟ ਮੰਗੀ ਸੀ। ਹਵਾਈ ਫ਼ੌਜ ਦੇ ਬੁਲਾਰੇ ਐਨ. ਸਟੈਫਨੇਕ ਨੇ ਕਿਹਾ ਕਿ ਇਸ ਵੈਕਸੀਨ ਨਾਲ ਜੁੜੇ ਕਾਰਨਾਂ ਕਰਕੇ ਪ੍ਰਸ਼ਾਸਨਿਕ ਤੌਰ ‘ਤੇ ਹਟਾਏ ਜਾਣ ਵਾਲੇ ਉਹ ਪਹਿਲੇ ਏਅਰਮੈਨ ਹਨ। ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਸਿਹਤ ਤੇ ਰਾਸ਼ਟਰੀ ਸੁਰੱਖਿਆ ਸੰਕਟ ਨਾਲ ਨਜਿੱਠਣ ਦੀ ਉਨ੍ਹਾਂ ਦੀ ਯੋਗਤਾ ਨੂੰ ਬਣਾਈ ਰੱਖਣ ਲਈ ਟੀਕਾਕਰਨ ਜ਼ਰੂਰੀ ਹੈ।
ਦੱਸ ਦੇਈਏ ਕਿ ਅਮਰੀਕਾ ਦੇ 97 ਫ਼ੀਸਦੀ ਜਵਾਨਾਂ ਦਾ ਟੀਕਾਕਰਨ ਹੋ ਚੁੱਕਾ ਹੈ। ਇਸ ਦੇ ਨਾਲ ਹੀ ਕੋਵਿਡ-19 ਕਾਰਨ ਵੱਖ-ਵੱਖ ਬਲਾਂ ‘ਚ ਤਾਇਨਾਤ 79 ਅਮਰੀਕੀ ਫ਼ੌਜੀਆਂ ਦੀ ਮੌਤ ਹੋ ਗਈ ਹੈ।