ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੇਂਦਰ ‘ਚ ਸੱਤਾਧਾਰੀ ਭਾਜਪਾ ‘ਤੇ ਲਗਾਤਾਰ ਹਮਲਾਵਰ ਹੋ ਰਹੀ ਹੈ। ਕੋਲਕਾਤਾ ‘ਚ ਮਮਤਾ ਬੈਨਰਜੀ ਨੇ ਕਿਹਾ- ਮੈਂ 2024 ਦੀਆਂ ਚੋਣਾਂ ‘ਚ ਭਾਜਪਾ ਨੂੰ ਪੂਰੇ ਦੇਸ਼ ‘ਚ ਹਾਰਦੇ ਹੋਏ ਦੇਖਣਾ ਚਾਹੁੰਦੀ ਹਾਂ…’ਖੇਲਾ ਹੋਬੇ’। ਦਰਅਸਲ, ਬੰਗਾਲ ਵਿੱਚ ਬੀਜੇਪੀ ਨੂੰ ਹਰਾਉਣ ਤੋਂ ਬਾਅਦ ਮਮਤਾ ਬੈਨਰਜੀ ਲਗਾਤਾਰ ਦੂਜੇ ਰਾਜਾਂ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਲਈ ਪੈਰ ਜਮਾਉਣ ਵਿੱਚ ਲੱਗੀ ਹੋਈ ਹੈ। ਕਈ ਕਾਂਗਰਸੀ ਨੇਤਾਵਾਂ ਦੇ ਤ੍ਰਿਣਮੂਲ ‘ਚ ਸ਼ਾਮਲ ਹੋਣ ਨੂੰ ਲੈ ਕੇ ਟੀਐੱਮਸੀ-ਕਾਂਗਰਸ ਵਿਚਾਲੇ ਦਰਾਰ ਦੀਆਂ ਖਬਰਾਂ ਵੀ ਆਈਆਂ ਹਨ।
ਗੋਆ ‘ਚ ਇਕ ਦਿਨ ਪਹਿਲਾਂ ਮਮਤਾ ਬੈਨਰਜੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਭਾਜਪਾ ਤੋਂ ਚਰਿੱਤਰ ਸਰਟੀਫਿਕੇਟ ਦੀ ਲੋੜ ਨਹੀਂ ਹੈ। ਮੈਂ ਤੁਹਾਡੇ ਨਾਲ ਮੁਕਾਬਲਾ ਕਰਨ ਨਹੀਂ ਆਈ, ਮੈਂ ਨਹੀਂ ਚਾਹੁੰਦੀ ਕਿ ਬਾਹਰੀ ਲੋਕ ਗੋਆ ਨੂੰ ਕੰਟਰੋਲ ਕਰਨ। ਮੈਂ ਵੀ ਬ੍ਰਾਹਮਣ ਪਰਿਵਾਰ ਵਿਚੋਂ ਹਾਂ, ਮੈਂ ਬ੍ਰਾਹਮਣ ਹਾਂ। ਮੈਨੂੰ ਭਾਜਪਾ ਤੋਂ ਚਰਿੱਤਰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।
ਤ੍ਰਿਣਮੂਲ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਗੋਆ, ਉੱਤਰ ਪ੍ਰਦੇਸ਼ ਅਤੇ ਪੰਜਾਬ ਵਰਗੇ ਰਾਜਾਂ ਵਿੱਚ ਜਿੱਥੇ 2022 ਦੇ ਸ਼ੁਰੂ ਵਿੱਚ ਚੋਣਾਂ ਹੋਣੀਆਂ ਹਨ, ਭਾਰਤੀ ਜਨਤਾ ਪਾਰਟੀ (ਭਾਜਪਾ) ਦਾ “ਸੂਰਜ ਡੁੱਬਣਾ” ਸ਼ੁਰੂ ਹੋ ਗਿਆ ਹੈ ਅਤੇ ਇਹ ਰੁਝਾਨ ਪੂਰੇ ਦੇਸ਼ ਵਿੱਚ ਦਿਖਾਈ ਦੇਵੇਗਾ। ਬੈਨਰਜੀ ਨੇ ਕਿਹਾ ਕਿ ਭਗਵਾ ਜਥੇਬੰਦੀ ਬਾਰੇ ਵੱਡੇ-ਵੱਡੇ ਦਾਅਵੇ ਕਰਨ ਦੀ ਬਜਾਏ ਕਾਂਗਰਸ ਨੂੰ ਭਾਜਪਾ ਖ਼ਿਲਾਫ਼ ਸਹੀ ਤਰੀਕੇ ਨਾਲ ਲੜਨਾ ਚਾਹੀਦਾ ਹੈ।