ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਟਿਕੈਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ। ਟਿਕੈਤ ਨੇ ਸਿਆਸੀ ਹੋਰਡਿੰਗਾਂ ‘ਤੇ ਉਨ੍ਹਾਂ ਦੀਆਂ ਤਸਵੀਰਾਂ ਦੀ ਵਰਤੋਂ ਕਰਨ ਵਿਰੁੱਧ ਚੇਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮੇਰਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ। ਟਿਕੈਤ ਬੁੱਧਵਾਰ ਦੇਰ ਰਾਤ ਸਿਸੌਲੀ ਪਿੰਡ ਵਿੱਚ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਉਹ 383 ਦਿਨਾਂ ਦੇ ਧਰਨੇ ਤੋਂ ਬਾਅਦ ਘਰ ਪਰਤੇ ਹਨ।
ਰਾਕੇਸ਼ ਟਿਕੈਤ ਨੇ ਕਿਹਾ, “ਸਾਡਾ ਸੰਘਰਸ਼ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਮੈਂ ਆਪਣੇ ਆਖਰੀ ਸਾਹ ਤਕ ਕਿਸਾਨਾਂ ਦੇ ਹੱਕਾਂ ਲਈ ਲੜਦਾ ਰਹਾਂਗਾ।” ਟਿਕੈਤ ਆਪਣੇ ਸਮਰਥਕਾਂ ਦੇ ਇੱਕ ਵੱਡੇ ਜਲੂਸ ਨਾਲ ਸਿਸੌਲੀ ਪਹੁੰਚੇ ਤੇ ਰੈਲੀ ਵਿੱਚ ਸਾਰੇ ਰਸਤੇ ਫੁੱਲਾਂ ਦੀ ਵਰਖਾ ਕੀਤੀ ਗਈ। ਮੇਰਠ-ਮੁਜ਼ੱਫਰਨਗਰ ਹਾਈਵੇਅ ‘ਤੇ ਹਰ ਚੌਰਾਹੇ ‘ਤੇ ‘ਲੱਡੂ’ ਵੰਡੇ ਗਏ ਤੇ ਗਾਜ਼ੀਪੁਰ ਸਰਹੱਦ ਤੋਂ ਮੁਜ਼ੱਫਰਨਗਰ ਤੱਕ ਹਰ 25 ਕਿਲੋਮੀਟਰ ‘ਤੇ ਲੰਗਰ ਲਗਾਇਆ ਗਿਆ।