ਓਮੀਕਰੋਨ ਦੇ ਖ਼ਤਰੇ ਦੇ ਵਿਚਕਾਰ ਵਧਦੇ ਸੰਕਰਮਣ ਦੇ ਮੱਦੇਨਜ਼ਰ ਪੰਜਾਬ ਵਿੱਚ ਹਾਈ ਅਲਰਟ ਐਲਾਨਿਆ ਗਿਆ ਹੈ। ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਹੁਣ ਤੱਕ ਸੂਬੇ ਦੇ ਹਾਈ ਰਿਸਕ ਦੇਸ਼ਾਂ ਤੋਂ 1000 ਲੋਕ ਪੰਜਾਬ ਪਹੁੰਚ ਚੁੱਕੇ ਹਨ। ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ ਚੋਂ ਚਾਰ ਲੋਕਾਂ ਦੇ ਨਮੂਨਿਆਂ ਦੀ ਜਾਂਚ ਵਿੱਚ ਕੋਰੋਨਾ ਸੰਕਰਮਣ ਦੀ ਪੁਸ਼ਟੀ ਹੋਈ ਹੈ। ਵੀਰਵਾਰ ਨੂੰ ਵੀ ਇਨਫੈਕਸ਼ਨ ਨਾਲ ਦੋ ਦੀ ਮੌਤ ਹੋ ਗਈ, ਜਦੋਂ ਕਿ 40 ਨਵੇਂ ਸੰਕਰਮਿਤ ਪਾਏ ਗਏ ਹਨ।
ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਓਮੀਕਰੋਨ ਦਾ ਪਹਿਲਾ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਪੰਜਾਬ ‘ਚ ਚਿੰਤਾ ਦਾ ਮਾਹੌਲ ਹੈ। ਪੰਜਾਬ ‘ਚ ਸਿਹਤ ਵਿਭਾਗ ਨੇ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ ਪਰ ਕਰਮਚਾਰੀਆਂ ਦੀ ਹੜਤਾਲ ਕਾਰਨ ਸਿਸਟਮ ਕਮਜ਼ੋਰ ਹੋ ਗਿਆ ਹੈ। ਹਾਲਾਂਕਿ, ਵਿਦੇਸ਼ਾਂ ਤੋਂ ਉੱਚ ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ‘ਤੇ ਖਾਸ ਤੌਰ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਉਧਰ ਓਮੀਕਰੋਨ ਦੇ ਡਰ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਕੋਰੋਨਾ ਪੌਜ਼ੇਟਿਵ ਆਏ ਮਰੀਜ਼ਾਂ ਦੇ ਸੈਂਪਲ ਦਿੱਲੀ ਭੇਜੇ ਹਨ। ਸਟੇਟ ਨੋਡਲ ਅਫ਼ਸਰ ਡਾ: ਰਾਜੇਸ਼ ਭਾਸਕਰ ਨੇ ਦੱਸਿਆ ਕਿ ਪਿਛਲੇ 16 ਦਿਨਾਂ ਵਿੱਚ 2000 ਦੇ ਕਰੀਬ ਲੋਕ ਵਿਦੇਸ਼ਾਂ ਤੋਂ ਸੂਬੇ ਵਿੱਚ ਆਏ ਹਨ। ਇਨ੍ਹਾਂ ਵਿੱਚ 1000 ਉੱਚ ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਲੋਕ ਸ਼ਾਮਲ ਹਨ। ਉਨ੍ਹਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਚਾਰ ਦੇ ਕੋਰੋਨਾ ਹੋਣ ਦੀ ਪੁਸ਼ਟੀ ਹੋਈ।