ਪੈਟਰੋਲ ਦੀ ਮਹਿੰਗਾਈ ਦਰਮਿਆਨ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।ਸਰਕਾਰ ਨੇ ਈਥਾਨੌਲ ਬਲੈਂਡਡ ਪੈਟਰੋਲ ਪ੍ਰੋਗਰਾਮ ਦੇ ਤਹਿਤ ਈਥਾਨੌਲ ‘ਤੇ GST ਦੀ ਦਰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤੀ ਹੈ। ਦੱਸ ਦੇਈਏ ਕਿ (ਈ.ਬੀ.ਪੀ.) ਪ੍ਰੋਗਰਾਮ ਦੇ ਤਹਿਤ ਪੈਟਰੋਲ ਵਿੱਚ ਈਥਾਨੌਲ ਮਿਲਾਇਆ ਜਾਂਦਾ ਹੈ। ਇਹ ਜਾਣਕਾਰੀ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ ਗਈ ਹੈ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ ਨੇ ਈਥਾਨੌਲ ‘ਤੇ ਜੀਐਸਟੀ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਹੈ। ਇਹ ਈਥਾਨੌਲ ਬਲੈਂਡਡ ਪੈਟਰੋਲ (ਈ.ਬੀ.ਪੀ.) ਦੇ ਤਹਿਤ ਬਲੈਂਡਿੰਗ ਲਈ ਈਥਾਨੌਲ ਲਈ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਗੰਨੇ ਦੇ ਆਧਾਰਿਤ ਫੀਡ ਸਟਾਕ ਜਿਵੇਂ ਕਿ ਸੀ ਐਂਡ ਬੀ ਹੈਵੀ ਸ਼ੀਰਾ, ਗੰਨੇ ਦਾ ਰਸ, ਖੰਡ, ਖੰਡ ਸ਼ਰਬਤ ਆਦਿ ਤੋਂ ਅਤੇ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਅਨਾਜ ਆਧਾਰਿਤ ਫੀਡ ਸਟਾਕ ਤੋਂ ਬਣੇ ਈਥਾਨੌਲ ਦੀ ਖਰੀਦ ਕੀਮਤ ਸਾਲਾਨਾ ਆਧਾਰ ‘ਤੇ ਤੈਅ ਕੀਤੀ ਜਾਂਦੀ ਹੈ।