ਭਾਰਤੀ ਜਨਤਾ ਪਾਰਟੀ ਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਗਠਜੋਡ਼ ਨੂੰ ਅੰਤਮ ਰੂਪ ਦੇਣ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਗਏ ਹਨ। ਉਹ ਅਗਲੇ ਤਿੰਨ ਦਿਨਾਂ ਤਕ ਦਿੱਲੀ ’ਚ ਹੀ ਰਹਿਣਗੇ ਤੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਨਗੇ। ਦੋਵੇਂ ਪਾਰਟੀਆਂ ਵਿਚਾਲੇ ਮੁੱਖ ਤੌਰ ’ਤੇ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਹੋਣੀ ਹੈ। ਕਿਉਂਕਿ ਕੈਪਟਨ ਨੇ ਜ਼ਿਲ੍ਹਾ ਪੱਧਰ ’ਤੇ ਆਪਣੀ ਪਾਰਟੀ ਦਾ ਸੰਗਠਨਾਤਮਕ ਢਾਂਚਾ ਖਡ਼੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ’ਚ ਸੀਟਾਂ ਨੂੰ ਲੈ ਕੇ ਤਸਵੀਰ ਸਪਸ਼ਟ ਹੋਣ ਤੋਂ ਬਾਅਦ ਦੋਵੇਂ ਪਾਰਟੀਆਂ ਆਪੋ-ਆਪਣੇ ਖੇਤਰ ’ਚ ਜ਼ੋਰ ਲਗਾ ਸਕਦੀਆਂ ਹਨ।
ਕੈਪਟਨ ਸਭ ਤੋਂ ਪਹਿਲਾਂ ਭਾਜਪਾ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਤੇ ਪੰਜਾਬ ’ਚ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਮਗਰੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਵੇਗੀ। ਹਾਲਾਂਕਿ ਹਾਲੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕੈਪਟਨ ਦੇ ਇਸੇ ਦਿੱਲੀ ਦੌਰੇ ਦੌਰਾਨ ਸੀਟਾਂ ਨੂੰ ਲੈ ਕੇ ਤਸਵੀਰ ਸਪਸ਼ਟ ਹੋਵੇਗੀ ਜਾਂ ਨਹੀਂ। ਹਾਲੇ ਤਕ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਪੰਜਾਬ ’ਚ 70 ਸੀਟਾਂ ’ਤੇ ਚੋਣ ਲਡ਼ ਸਕਦੀ ਹੈ ਜਦਕਿ ਕੈਪਟਨ ਦੀ ਪਾਰਟੀ ਲਈ 35 ਸੀਟਾਂ ਛੱਡੀਆਂ ਜਾਣਗੀਆਂ।