ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ‘ਚ ਅੱਜ ਕਿਸਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ, ਜਿਨਾਂ ‘ਚ ਪੰਜਾਬ ਤੋਂ ਇਲਾਵਾ ਕਈ ਸੂਬਿਆਂ ਦੇ ਹੋਰ ਕਿਸਾਨ ਵੀ ਸ਼ਾਮਲ ਸਨ। ਜਥੇ ਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਸਨ। ਅੰਮ੍ਰਿਤਸਰ ਦੇ ਗੋਲਡਨ ਗੇਟ ‘ਤੇ ਸਥਾਨਕ ਕਿਸਾਨਾਂ ਵੱਲੋਂ ਅੱਜ ਡੱਲੇਵਾਲ ਦੀ ਅਗਵਾਈ ‘ਚ ਆ ਰਹੇ ਜਥੇ ਦਾ ਸਵਾਵਤ ਕੀਤਾ ਤੇ ਫ਼ੁੱਲਾਂ ਦੀ ਵਰਖਾ ਕੀਤੀ। ਅੰਮ੍ਰਿਤਸਰ ‘ਚ ਪਿਛਲੇ ਇੱਕ ਹਫਤੇ ਤੋਂ ਕਿਸਾਨਾਂ ਦੇ ਫਤਹਿ ਮਾਰਚ ਲਗਾਤਾਰ ਅੰਮ੍ਰਿਤਸਰ ਆ ਰਹੇ ਹਨ ਤੇ ਰੋਜਾਨਾ ਸੜਕਾਂ ‘ਤੇ ਸਵਾਗਤ ਕੀਤਾ ਜਾ ਰਿਹਾ ਹੈ।
ਜਗਜੀਤ ਸਿੰਘ ਡੱਲੇਵਾਲ ਨੇ ਸਿਆਸਤ ‘ਚ ਆਉਣ ਬਾਰੇ ਸਵਾਲ ‘ਤੇ ਕਿਹਾ ਕਿ ਐਸਕੇਐਮ ਬਹੁਤ ਮੁਸ਼ਕਲ ਨਾਲ ਹੋਂਦ ‘ਚ ਆਇਆ ਹੈ। ਇਸ ਨੇ ਵੱਡੀ ਲੜਾਈ ਲੜੀ ਹੈ ਤੇ ਜਿੱਤੀ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਸੰਗਠਨ ਹੈ ਤੇ ਸਾਡਾ ਸਿਆਸਤ ‘ਚ ਆਉਣ ਦਾ ਕੋਈ ਇਰਾਦਾ ਨਹੀਂ। ਡੱਲੇਵਾਲ ਨੇ ਕਿਹਾ ਕਿ ਜੇਕਰ ਕੋਈ ਸਿਆਸਤ ‘ਚ ਜਾਣਾ ਵੀ ਚਾਹੁੰਦਾ ਹੈ ਤਾਂ ਉਹ ਨਿੱਜੀ ਤੌਰ ‘ਤੇ ਜਾ ਸਕਦਾ ਹੈ ਤੇ ਐਸਕੇਐਮ ਸਿਆਸਤ ਤੋਂ ਦੂਰ ਰਹੇਗਾ।