ਦੇਸ਼ ’ਚ ਹਾਲੇ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਰੋਜ਼ਾਨਾ ਔਸਤਨ ਸੱਤ ਤੋਂ ਅੱਠ ਹਜ਼ਾਰ ਦੇ ਦਰਮਿਆਨ ਆ ਰਹੇ ਹਨ। ਪਰ ਇਹ ਸਥਿਤੀ ਬਹੁਤ ਦਿਨਾਂ ਤਕ ਬਣੀ ਰਹਿਣ ਵਾਲੀ ਨਹੀਂ ਹੈ। ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਜਦੋਂ ਉਹ ਹੁਣ ਤਕ ਸਭ ਤੋਂ ਜ਼ਿਆਦਾ ਖ਼ਤਰਨਾਕ ਮੰਨੇ ਜਾ ਰਹੇ ਡੇਲਟਾ ਵੇਰੀਐਂਟ ਨੂੰ ਪਿੱਛੇ ਛੱਡੇਗਾ ਤਾਂ ਦੇਸ਼ ਦਾ ਸਾਹਮਣਾ ਮਹਾਮਾਰੀ ਦੀ ਤੀਜੀ ਲਹਿਰ ਨਾਲ ਹੋਵੇਗਾ। ਨੈਸ਼ਨਲ ਕੋਵਿਡ-19 ਸੁਪਰਮਾਡਲ ਕਮੇਟੀ ਦੇ ਮੈਂਬਰਾਂ ਨੇ ਇਸ ਨੂੰ ਲੈ ਕੇ ਸਾਵਧਾਨ ਕੀਤਾ ਹੈ ਤੇ ਫਰਵਰੀ ਤਕ ਤੀਜੀ ਲਹਿਰ ਦੇ ਸਿਖ਼ਰ ’ਤੇ ਹੋਣ ਦੀ ਸ਼ੰਕਾ ਵੀ ਪ੍ਰਗਟਾਈ ਹੈ।
ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੀ ਬਦਲਦੀ ਸਥਿਤੀ ’ਤੇ ਨਜ਼ਰ ਰੱਖਣ ਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਸਰਕਾਰ ਨੇ ਪਿਛਲੇ ਸਾਲ ਇਸ ਕਮੇਟੀ ਦਾ ਗਠਨ ਕੀਤਾ ਸੀ। ਆਪਣੇ ਗਣਿਤ ਮਾਡਲ ਦੇ ਆਧਾਰ ’ਤੇ ਇਸ ਕਮੇਟੀ ਨੇ ਦੂਜੀ ਲਹਿਰ ਬਾਰੇ ਸਟੀਕ ਭਵਿੱਖਵਾਣੀ ਪ੍ਰਗਟਾਈ ਸੀ।