ਅੰਮ੍ਰਿਤਸਰ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਵਾਪਰੀ ਘਟਨਾ ਤੋਂ ਬਾਅਦ ਅੱਜ ਕਪੂਰਥਲਾ ਵਿੱਚ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦਾ ਵੀ ਸੰਗਤਾਂ ਨੇ ਸੋਧਾ ਲਾ ਦਿੱਤਾ। ਇਹ ਬੰਦਾ ਤੜਕੇ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਦਾ ਫੜਿਆ ਗਿਆ ਸੀ। ਨੌਜਵਾਨ ਨੇ ਖੁਦ ਨੂੰ ਦਿੱਲੀ ਦਾ ਰਹਿਣ ਵਾਲਾ ਦੱਸਿਆ ਸੀ।
ਘਟਨਾ ਤੋਂ ਬਾਅਦ ਇਥੇ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ। ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ। ਪੁਲਸ ਦੇ ਨਾਲ ਸ਼ਰਧਾਲੂਆਂ ਦੀ ਝੜਪ ਵੀ ਹੋ ਗਈ। ਲੋਕਾਂ ਦਾ ਕਹਿਣਾ ਸੀ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਦਾ ਉਹੀ ਹਾਲ ਹੋਣਾ ਚਾਹੀਦਾ ਹੈ ਜੋ ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਦਾ ਹੋਇਆ। ਪੁੱਛਗਿੱਛ ਦੌਰਾਨ ਦੋਸ਼ੀ ਨੇ ਇਹ ਗੱਲ ਵੀ ਮੰਨੀ ਸੀ ਕਿ ਉਸ ਨੂੰ ਬੇਅਦਬੀ ਕਰਨ ਲਈ ਹੀ ਭੇਜਿਆ ਗਿਆ ਸੀ। ਪਰ ਕੁੱਟ ਖਾਣ ਦੇ ਬਾਵਜੂਦ ਵੀ ਉਸ ਨੇ ਇਸ ਤੋਂ ਇਲਾਵਾ ਕੁਝ ਹੋਰ ਨਹੀਂ ਦੱਸਿਆ। ਇਸ ਘਟਨਾ ਦੀ ਖਬਰ ਫੈਲਦਿਆਂ ਹੀ ਦੂਰੋਂ-ਦੂਰੋਂ ਸਿੱਖ ਜਥੇਬੰਦੀਆਂ ਪਿੰਡ ਨਿਜ਼ਾਮਪੁਰ ਵਿੱਚ ਪਹੁੰਚ ਗਈਆਂ।
ਪੰਜਾਬ ਵਿੱਚ ਚੋਣਾਂ ਨੇੜੇ ਭਾਈਚਾਰਕ ਸਾਂਝ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵਿੱਚ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ ਕਰਕੇ ਸਿੱਖ ਜਥੇਬੰਦੀਆਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ।
ਇਨ੍ਹਾਂ ਘਟਨਾਵਾਂ ਨੂੰ ਸੋਚੀਆਂ-ਸਮਝੀਆਂ ਸਾਜ਼ਿਸ਼ਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਬੀਤੇ ਦਿਨ ਦੀ ਘਟਨਾ ਤੋਂ ਦੋ ਕੁ ਦਿਨ ਪਹਿਲਾਂ ਵੀ ਅਜਿਹੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।