ਚੋਣਾਂ ਦੇ ਬਾਂਡ ਨੂੰ ਲੈ ਕੇ ਰਿਪੋਰਟ ਜਨਤਕ ਨਹੀਂ ਹੋਵੇਗੀ। ਕੇਂਦਰੀ ਸੂਚਨਾ ਕਮਿਸ਼ਨ ਨੇ ਰਿਪੋਰਟ ਦੀਆਂ ਜਾਣਕਾਰੀਆਂ ਉਜਾਗਰ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਸ ਸਬੰਧੀ ਦਾਇਰ ਅਪੀਲ ਨੂੰ ਖ਼ਾਰਜ ਕਰ ਦਿੱਤਾ।
ਦੱਸਣਾ ਬਣਦਾ ਹੈ ਕਿ ਭਾਰਤੀ ਸਟੇਟ ਬੈਂਕ (ਐੱਸਬੀਆਈ) ਵੱਲੋਂ ਚੋਣ ਬਾਂਡ ਦੀ ਵਿਕਰੀ ਤੇ ਉਨ੍ਹਾਂ ਨੂੰ ਭੁਨਾਉਣ ਸਬੰਧੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਤੇ ਕੇਂਦਰ ਸਰਕਾਰ ਨੂੰ ਸਾਲ 2018 ’ਚ ਸੌਂਪੀ ਗਈ ਰਿਪੋਰਟ ਦੀ ਜਾਣਕਾਰੀ ਜਨਤਕ ਕਰਨ ਲਈ ਕਮਿਸ਼ਨ ਨੂੰ ਅਪੀਲ ਦਾਇਰ ਕੀਤੀ ਗਈ ਸੀ। ਇਹ ਅਪੀਲ ਆਰਟੀਆਈ ਵਰਕਰ ਵੈਂਕਟੇਸ਼ ਨਾਇਕ ਨੇ ਦਾਇਰ ਕੀਤੀ ਸੀ। ਸੂਚਨਾ ਕਮਿਸ਼ਨਰ ਸੁਰੇਸ਼ ਚੰਦਰਾ ਨੇ ਕਿਹਾ ਕਿ ਇਸ ਮਾਮਲੇ ਨੂੰ ਹੋਰ ਲੰਬਿਤ ਰੱਖਣ ਦੀ ਕੋਈ ਤੁੱਕ ਨਹੀਂ ਹੈ ਕਿਉਂਕਿ ਕਮਿਸ਼ਨ ਵੱਲੋਂ ਦਖ਼ਲ ਦੀ ਬੇਨਤੀ ਕਰਨ ਵਾਲੀ ਅਪੀਲ ’ਚ ਕੋਈ ਦਮ ਨਹੀਂ ਹੈ।