ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਬਹਿਸ ਦੀ ਚੁਣੌਤੀ ਸਵੀਕਾਰ ਕੀਤੀ ਅਤੇ ਸਿੱਧੂ ਨਾਲ ਬਹਿਸ ਲਈ ਜਗ੍ਹਾ ਤੇ ਸਮਾਂ ਤੈਅ ਕਰਨ ਲਈ ਕਿਹਾ। ਕੇਜਰੀਵਾਲ ਨੇ ਬਹਿਸ ਲਈ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਨਾਂ ਤੈਅ ਕੀਤਾ ਅਤੇ ਸਕਾਰਾਤਮਕ ਚਰਚਾ ਦੀ ਉਮੀਦ ਪ੍ਰਗਟਾਈ।
ਐਤਵਾਰ ਨੂੰ ਚੰਡੀਗੜ੍ਹ ਏਅਰਪੋਰਟ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ, ‘ਮੈਂ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਬਹਿਸ ਦੀ ਚੁਣੌਤੀ ਸਵੀਕਾਰ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਚਰਚਾ ਸਕਾਰਾਤਮਕ ਅਤੇ ਵਿਕਾਸ ਦੇ ਮੁੱਦੇ ’ਤੇ ਹੋਵੇ। ਸਿੱਧੂ ਬਹਿਸ ਲਈ ਜਗ੍ਹਾ ਅਤੇ ਸਮਾਂ ਤੈਅ ਕਰ ਲੈਣ।’ ਉਨ੍ਹਾਂ ਕਿਹਾ, ਕਿਉਂਕਿ ਸਿੱਧੂ ਕਾਂਗਰਸ ਦੇ ਸੂਬਾ ਪ੍ਰਧਾਨ ਹਨ, ਇਸ ਲਈ ਸਾਡੀ ਪਾਰਟੀ ਦੇ ਵੀ ਸੂਬਾ ਪ੍ਰਧਾਨ ਭਗਵੰਤ ਮਾਨ ਉਨ੍ਹਾਂ ਨਾਲ ਪੰਜਾਬ ਦੇ ਵਿਕਾਸ ਦੇ ਮੁੱਦੇ ’ਤੇ ਬਹਿਸ ਕਰਨਗੇ। ਕੇਜਰੀਵਾਲ ਨੇ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕਾਂਗਰਸ ਨੂੰ ਪੰਜਾਬ ਦਾ ਵਿਕਾਸ ਕਰਨ ਲਈ 5 ਸਾਲ ਮਿਲੇ ਸਨ ਪਰ ਉਨ੍ਹਾਂ ਲੋਕਾਂ ਨਾਲ ਵਾਅਦਾਖਿਲਾਫੀ ਕੀਤੀ ਅਤੇ ਸਿਰਫ ਬਹਾਨੇਬਾਜ਼ੀ ਕੀਤੀ।