ਕੁੜੀਆਂ ਦੀ ਵਿਆਹ ਦੀ ਉਮਰ 21 ਸਾਲ ਕਰਨ ਦੇ ਕੇਂਦਰ ਸਰਕਾਰ ਦੀ ਮਨਜ਼ੂਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਾਲ ਹੀ ਵਿੱਚ ਇੱਕ ਮਾਮਲੇ ਵਿੱਚ ਦਿੱਤਾ ਫੈਸਲਾ ਵੀ ਸੁਰਖ਼ੀਆਂ ਵਿੱਚ ਹੈ। ਹਾਈਕੋਰਟ ਨੇ ਇੱਕ ਕੇਸ ਵਿੱਚ ਕਿਹਾ ਹੈ ਕਿ 21 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਨੌਜਵਾਨ ਵਿਆਹ ਨਹੀਂ ਕਰ ਸਕਦਾ ਪਰ ਉਹ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋਵੇ ਤਾਂ ਉਹ ਕਿਸੇ ਵੱਡੀ ਉਮਰ ਦੀ ਔਰਤ ਨਾਲ ਉਸਦੀ ਸਹਿਮਤੀ ਨਾਲ ਉਸ ਨਾਲ ਜੋੜੇ ਦੇ ਤੋਰ ‘ਤੇ ਰਹਿ ਸਕਦਾ ਹੈ। ਹਾਈ ਕੋਰਟ ਦਾ ਇਹ ਫੈਸਲਾ ਸੁਪਰੀਮ ਕੋਰਟ ਦੇ ਮਈ 2018 ਦੇ ਉਸ ਫੈਸਲੇ ਦੇ ਸੰਦਰਭ ਵਿੱਚ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਨੌਜਵਾਨ ਜੋੜਾ ਬਿਨਾਂ ਵਿਆਹ ਦੇ ਇਕੱਠੇ ਰਹਿ ਸਕਦਾ ਹੈ।
ਹਾਈਕੋਰਟ ਵਿੱਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਨੌਜਵਾਨ ਜੋੜੇ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕੀਤੀ ਜਾ ਰਹੀ ਸੀ। ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ਵਾਲੇ ਜੋੜੇ ਨੇ ਇਸ ਪਟੀਸ਼ਨ ਰਾਹੀਂ ਸੁਰੱਖਿਆ ਦੀ ਮੰਗ ਕੀਤੀ ਹੈ। ਦੋਵਾਂ ਦੀ ਉਮਰ 18 ਸਾਲ ਤੋਂ ਵੱਧ ਹੈ। ਨੌਜਵਾਨ ਦੀ ਉਮਰ 18 ਸਾਲ ਹੈ ਪਰ ਹਿੰਦੂ ਮੈਰਿਜ ਐਕਟ ਤਹਿਤ ਕਾਨੂੰਨੀ ਤੌਰ ‘ਤੇ ਉਹ 21 ਸਾਲ ਦੀ ਉਮਰ ਤੱਕ ਵਿਆਹ ਨਹੀਂ ਕਰ ਸਕਦਾ।
ਇਸ ਤੋਂ ਬਾਅਦ ਨੌਜਵਾਨ ਜੋੜੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਆਪਣੀ ਜਾਨ ਦਾ ਖਤਰਾ ਹੈ। ਇਹ ਉਨ੍ਹਾਂ ਦੇ ਰਿਸ਼ਤੇ ਬਾਰੇ ਹੈ। ਨੌਜਵਾਨ ਜੋੜੇ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦਾ ਕਤਲ ਕਰ ਦੇਣਗੇ।