ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਨੀ ਸਰਕਾਰ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਬਾਦਲ ਨੇ ਕਿਹਾ ਹੈ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਅਜਿਹਾ ਕੁਝ ਕਰਨਗੇ। ਉਨ੍ਹਾਂ ਕਿਹਾ ਕਿ ਬਾਦਲ ਤੇ ਮਜੀਠੀਆ ਨੂੰ ਫੜਨ ਲਈ ਹੀ ਤਿੰਨ ਡੀਜੀਪੀ ਬਦਲੇ ਗਏ ਹਨ। ਪਿਛਲੇ ਡੀਜੀਪੀ ਨੇ ਨਾਂਹ ਕਰ ਦਿੱਤੀ ਤਾਂ ਨਵੇਂ ਲਾਏ ਗਏ ਪਰ ਬਦਲੇ ਦੀ ਨੀਅਤ ਨਾਲ ਕੰਮ ਕਰਨ ਵਾਲੀਆਂ ਸਰਕਾਰਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ।
ਬਾਦਲ ਨੇ ਕਿਹਾ ਕਿ ਸਾਨੂੰ ਇਸ ਬਾਰੇ ਪਤਾ ਸੀ। ਉਨ੍ਹਾਂ ਨੇ ਤਿੰਨ ਦਿਨਾਂ ਵਿੱਚ 3 ਡੀਜੀਪੀ ਬਦਲ ਦਿੱਤੇ। ਇਹ ਸਿਰਫ ਇਸ ਲਈ ਹੈ ਕਿ ਬਾਦਲਾਂ ਤੇ ਮਜੀਠੀਆ ਨੂੰ ਫੜ ਕੇ ਅੰਦਰ ਕਰੋ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਤਿੰਨ ਦਿਨਾਂ ਵਿੱਚ ਤਿੰਨ ਡੀਜੀਪੀ ਬਦਲੇ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਕਹਿੰਦਾ ਹਾਂ ਕਿ ਮੈਨੂੰ ਜਿੱਥੇ ਲੈ ਕੇ ਜਾਣਾ ਹੋਵੇ, ਲੈ ਜਾਓ। ਮੇਰੇ ‘ਤੇ ਵੀ ਬਹੁਤ ਕੁਝ ਕੀਤਾ ਗਿਆ, ਮੇਰੀ ਪਤਨੀ ‘ਤੇ ਵੀ ਕੇਸ ਦਰਜ ਕੀਤੇ ਗਏ। ਮੇਰੇ ‘ਤੇ ਵੀ ਸੈਂਕੜੇ ਪਰਚੇ ਦਰਜ ਹਨ। ਬਾਦਲ ਨੇ ਕਿਹਾ ਕਿ ਮੇਰੇ ਸਮੇਂ ਵਿੱਚ ਦੱਸੋ ਕਿ ਕਿਸੇ ਕਾਂਗਰਸੀ ਨੂੰ ਤੰਗ ਨਹੀਂ ਕੀਤਾ ਗਿਆ।