ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਚਰਚਾ ਹੈ ਕਿ ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਅੱਜ ਦੁਪਹਿਰ ਬੀਜੇਪੀ ‘ਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਮੁਤਾਬਕ ਰਾਣਾ ਸੋਢੀ ਬਾਅਦ ਦੁਪਹਿਰ ਦਿੱਲੀ ‘ਚ ਕਾਂਗਰਸ ਦਾ ਹੱਥ ਛੱਡ ਬੀਜੇਪੀ ਦਾ ਕਮਲ ਫੜ ਸਕਦੇ ਹਨ।
ਦੱਸ ਦਈਏ ਕਿ ਰਾਣਾ ਸੋਢੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਬੰਦੇ ਹਨ। ਇਸ ਵੇਲੇ ਉਹ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਹਨ। ਉਹ ਕੈਪਟਨ ਦੇ ਕਾਰਜਕਾਲ ਵਿੱਚ ਕੈਬਨਿਟ ਮੰਤਰੀ ਸਨ। ਇਹ ਲੱਗ ਰਿਹਾ ਸੀ ਕਿ ਉਹ ਕੈਪਟਨ ਦੀ ਪਾਰਟੀ ਵਿੱਚ ਸ਼ਾਮਲ ਹੋਣਗੇ ਪਰ ਹੁਣ ਹੈਰਾਨ ਕਰ ਦੇਣ ਵਾਲੀ ਖਬਰ ਆਈ ਹੈ।
ਸੂਤਰਾਂ ਦੀ ਮੰਨੀਏ ਤਾਂ ਪੰਜਾਬ ਦੇ ਕਈ ਸੰਸਦ ਮੈਂਬਰਾਂ, ਕੈਬਨਿਟ ਮੰਤਰੀਆਂ, ਵਿਧਾਇਕਾਂ ਸਮੇਤ ਕਈ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਭਾਜਪਾ ਦੇ ਸੰਪਰਕ ‘ਚ ਹਨ। ਖ਼ਬਰਾਂ ਹਨ ਕਿ ਇਨ੍ਹਾਂ ਵਿੱਚ ਜ਼ਿਆਦਾਤਰ ਕਾਂਗਰਸੀ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨੈਸ਼ਨਲ ਸੋਸ਼ਲਿਸਟ ਕਾਂਗਰਸ ਦੇ ਲੋਕ ਸ਼ਾਮਲ ਹਨ।