ਡਰੱਗ ਰੈਕੇਟ ਵਿੱਚ ਕੇਸ ਦਰਜ ਹੋਣ ਮਗਰੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਅੰਡਰਗਰਾਊਂਡ ਹੋ ਗਿਆ ਹੈ। ਉਸ ਦੀ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ। ਪੰਜਾਬ ਪੁਲਿਸ ਦੀ ਤਿੰਨ ਮੈਂਬਰੀ SIT ਮਜੀਠੀਆ ਦੀ ਭਾਲ ਕਰ ਰਹੀ ਹੈ। ਇਸ ਐਸਆਈਟੀ ਦੀ ਅਗਵਾਈ ਏਆਈਜੀ ਬਲਰਾਜ ਸਿੰਘ ਕਰ ਰਹੇ ਹਨ, ਜਦਕਿ ਉਨ੍ਹਾਂ ਨਾਲ ਡੀਐਸਪੀ ਰਾਜੇਸ਼ ਕੁਮਾਰ ਤੇ ਕੁਲਵੰਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਟੀਮ ਨੇ ਮਜੀਠੀਆ ਦੇ ਹੋਰ ਟਿਕਾਣਿਆਂ ‘ਤੇ ਵੀ ਨਾਲੋਂ-ਨਾਲ ਛਾਪੇਮਾਰੀ ਕੀਤੀ, ਪਰ ਉਹ ਨਹੀਂ ਮਿਲਿਆ।
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਕੇਸ ਦਰਜ ਕਰਨ ਵਾਲੀ ਹੈ, ਇਸ ਬਾਰੇ ਮਜੀਠੀਆ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇਸੇ ਕਾਰਨ ਉਸ ਨੇ ਮੋਬਾਈਲ ਲੋਕੇਸ਼ਨ ਤੋਂ ਪੰਜਾਬ ਪੁਲਿਸ ਨੂੰ ਚਕਮਾ ਦੇ ਦਿੱਤਾ। ਟੀਮ ਨੇ ਜਦੋਂ ਉਸ ਦੀ ਗ੍ਰਿਫ਼ਤਾਰੀ ਲਈ ਛਾਪਾ ਮਾਰਿਆ ਤਾਂ ਮੋਬਾਈਲ ਤਾਂ ਮਿਲਿਆ ਪਰ ਮਜੀਠੀਆ ਉੱਥੇ ਨਹੀਂ ਸੀ।
ਚੋਣਾਂ ਦੇ ਐਲਾਨ ‘ਚ ਕੁਝ ਦਿਨ ਰਹਿ ਜਾਣ ਕਰਕੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਲਗਾਤਾਰ ਮਜੀਠੀਆ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ। ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਮਜੀਠੀਆ ਨੂੰ ਗ੍ਰਿਫ਼ਤਾਰ ਕਰਕੇ ਨਸ਼ਿਆਂ ਦੇ ਮੁੱਦੇ ‘ਤੇ ਆਪਣੀ ਸਰਕਾਰ ਦਾ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਵੀ ਕਾਨੂੰਨੀ ਰਸਤੇ ਰਾਹੀਂ ਮਜੀਠੀਆ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।