ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਦੇ ਨੇਤਾਵਾਂ ਤੇ ਉਨ੍ਹਾਂ ਦੇ ਸਾਥੀਆਂ ‘ਤੇ ਇਨਕਮ ਟੈਕਸ ਦੇ ਛਾਪਿਆਂ ਦੌਰਾਨ ਹੁਣ ਤੱਕ 800 ਕਰੋੜ ਰੁਪਏ ਦੇ ਘਪਲੇ ਤੇ ਟੈਕਸ ਚੋਰੀ ਦਾ ਪਰਦਾਫਾਸ਼ ਹੋਣ ਦਾ ਦਾਅਵਾ ਕੀਤਾ ਗਿਆ ਹੈ। ਛਾਪੇਮਾਰੀ ਦੌਰਾਨ ਸਮਾਜਵਾਦੀ ਪਾਰਟੀ ਦੇ ਵੱਡੇ ਆਗੂ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ ਵਿਦੇਸ਼ੀ ਟਿਕਟਾਂ ਨਾਲ ਸਬੰਧਤ ਦਸਤਾਵੇਜ਼ ਮਿਲੇ ਹਨ।
ਕੁਝ ਅਜਿਹੇ ਖਾਤਿਆਂ ਬਾਰੇ ਵੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸਭ ਤੋਂ ਅਹਿਮ ਜਾਣਕਾਰੀ ਮਿਲੀ ਹੈ ਕਿ ਅਖਿਲੇਸ਼ ਯਾਦਵ ਦੇ ਕਰੀਬੀ ਦੋਸਤ ਨੇ ਨੋਇਡਾ ‘ਚ ਇੱਕ ਵਿਵਾਦਤ ਜ਼ਮੀਨ 92 ਲੱਖ ‘ਚ ਖਰੀਦੀ ਹੈ, ਜਦਕਿ ਬਾਜ਼ਾਰ ‘ਚ ਇਸ ਦੀ ਕੀਮਤ 40 ਕਰੋੜ ਰੁਪਏ ਹੈ। ਛਾਪੇਮਾਰੀ ਵਿੱਚ ਜਿਨ੍ਹਾਂ ਆਗੂਆਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਜੈਨੇਂਦਰ ਯਾਦਵ, ਰਾਜੀਵ ਰਾਏ, ਰਾਹੁਲ ਭਸੀਨ ਤੇ ਜਗਤ ਸਿੰਘ ਸ਼ਾਮਲ ਹਨ।