ਬੇਅਦਬੀ ਮਾਮਲੇ ’ਚ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਐੱਸਆਈਟੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਸੁਨਾਰੀਆ ਜੇਲ੍ਹ ’ਚ ਜਾ ਕੇ ਪੁੱਛਗਿੱਛ ਕਰ ਚੁੱਕੀ ਹੈ, ਜਿਸ ’ਚ ਡੇਰਾ ਮੁਖੀ ਨੇ ਸਹਿਯੋਗ ਨਹੀਂ ਦਿੱਤਾ। ਸਹੀ ਜਾਂਚ ਲਈ ਉਸ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕਰਨਾ ਜ਼ਰੂਰੀ ਹੈ। ਇਹ ਦਲੀਲ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪੰਜਾਬ ਪੁਲਿਸ ਦੀ ਐੱਸਆਈਟੀ ਵੱਲੋਂ ਰੱਖੀ ਗਈ। ਇਸ ਤੋਂ ਉਲਟ ਡੇਰਾ ਮੁਖੀ ਰਾਮ ਰਹੀਮ ਦੇ ਵਕੀਲ ਕਨਿਕਾ ਅਹੂਜਾ ਨੇ ਦਲੀਲ ਦਿੱਤੀ ਕਿ ਡੇਰਾ ਮੁਖੀ ਦੋ ਮਾਮਲਿਆਂ ’ਚ ਜੇਲ੍ਹ ’ਚ ਹੈ ਤੇ ਐੱਸਆਈਟੀ ਨੇ 2020 ਉਸ ਨੂੰ ਇਸ ਮਾਮਲੇ ’ਚ ਦੋਸ਼ੀ ਬਣਾਇਆ ਸੀ ਤੇ ਹੁਣ ਹਿਰਾਸਤ ’ਚ ਲੈਣ ਦੀ ਕੀ ਜ਼ਰੂਰਤ ਹੈ।
ਸਾਰੀਆਂ ਧਿਰਾਂ ਨੂੁੰ ਸੁਣਨ ਤੋਂ ਬਾਅਦ ਕੋਰਟ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਜੇ ਟ੍ਰਾਇਲ ਕੋਰਟ ਦੇ ਆਦੇਸ਼ ਮੁਤਾਬਕ ਪ੍ਰੋਡਕਸ਼ਨ ਵਾਰੰਟ ’ਤੇ ਡੇਰਾ ਮੁਖੀ ਨੂੰ ਫ਼ਰੀਦਕੋਟ ਭੇਜ ਦਿੱਤਾ ਜਾਵੇ ਤੇ ਜੇ ਟ੍ਰਾਇਲ ਕੋਰਟ ਉਸ ਨੂੰ ਰਿਮਾਂਡ ’ਤੇ ਭੇਜ ਦਿੰਦੀ ਹੈ ਤਾਂ ਉਸ ਹਾਲਤ ’ਚ ਡੇਰਾ ਮੁਖੀ ਨੂੰ ਉਸ ਦੇ ਕਾਨੂੰਨੀ ਅਧਿਕਾਰ ਦੀ ਵਰਤੋਂ ਕਰਨ ਦਾ ਸਮਾਂ ਨਹੀਂ ਮਿਲ ਸਕੇਗਾ। ਹਾਈ ਕੋਰਟ ਨੇ ਮਾਮਲੇ ’ਚ ਬਹਿਸ ਜਾਰੀ ਰੱਖਦੇ ਹੋਏ ਸੁਣਵਾਈ 6 ਜਨਵਰੀ ਤਕ ਮੁਲਤਵੀ ਕਰ ਦਿੱਤੀ।