ਪੰਜਾਬ ਦੇ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਵਿਚ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਫੋਰੈਂਸਿਕ ਰਿਪੋਰਟ ਦੇ ਆਧਾਰ ‘ਤੇ ਕਿਹਾ ਹੈ ਕਿ ਬਲਾਸਟ ਵਿਚ ਆਰਡੀਐਕਸ ਦਾ ਇਸਤੇਮਾਲ ਹੋਇਆ ਸੀ। ਪੁਲਿਸ ਮੁਤਾਬਕ ਕੋਰਟ ਕੰਪਲੈਕਸ ਵਿਚ ਜੋ ਧਮਾਕਾ ਹੋਇਆ, ਉਸ ਵਿਚ ਦੋਸ਼ੀ ਨੇ ਲਗਭਗ 2 ਕਿਲੋ RDX ਦਾ ਇਸਤੇਮਾਲ ਕੀਤਾ ਸੀ। ਪੁਲਿਸ ਨੇ ਕਿਹਾ ਕਿ ਧਮਾਕਾ ਹੋਣ ਨਾਲ ਪਾਣੀ ਦੀ ਪਾਈਪ ਲਾਈਨ ਫਟ ਗਈ ਸੀ। ਇਸ ਕਾਰਨ ਭਾਰੀ ਮਾਤਾਰ ਵਿਚ ਵਿਸਫੋਟਕ ਪਦਾਰਥ ਵਹਿ ਗਿਆ। ਦੱਸ ਦੇਈਏ ਕਿ ਜਿਸ ਦਿਨ ਧਮਾਕਾ ਹੋਇਆ ਉਸ ਦਿਨ ਕੋਰਟ ਵਿਚ ਹੜਤਾਲ ਚੱਲ ਰਹੀ ਸੀ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
ਪੁਲਿਸ ਮੁਤਾਬਕ ਧਮਾਕੇ ਵਿਚ ਸ਼ਾਮਲ ਮੁਅੱਤਲ ਹੈੱਡ ਕਾਂਸਟੇਬਲ ਗਗਨਦੀਪ ਦੇ ਘਰ ਦੇਰ ਰਾਤ ਐੱਨ. ਆਈ. ਏ. ਦੀ ਟੀਮ ਅਤੇ ਪੰਜਾਬ ਪੁਲਿਸ ਨੇ ਖੰਨਾ ਦੇ ਘਰ ‘ਤੇ ਛਾਪਾ ਮਾਰਿਆ। ਪੁਲਿਸ ਨੇ ਲੈਬ ਟਾਪ ਅਤੇ ਮੋਬਾਈਲ ਫੋਨ ਜਾਂਚ ਲਈ ਲੈ ਲਿਆ ਹੈ।
ਗਗਨਦੀਪ ਪੰਜਾਬ ਪੁਲਿਸ ਦਾ ਮੁਅੱਤਲ ਹੈੱਡ ਕਾਂਸਟੇਬਲ ਸੀ। ਉਹ ਪੰਜਾਬ ਦੇ ਖੰਨਾ ਦਾ ਰਹਿਣ ਵਾਲਾ ਸੀ ਅਤੇ ਦੋ ਸਾਲ ਦੀ ਸਜ਼ਾ ਕੱਟ ਕੇ ਬਾਹਰ ਆਇਆ ਸੀ। ਦਰਅਸਲ ਲੁਧਿਆਣਾ ਕੋਰਟ ਵਿਚ ਵੀਰਵਾਰ ਨੂੰ ਧਮਾਕਾ ਹੋਇਆ ਸੀ। ਇਸ ਧਮਾਕੇ ਵਿਚ 1 ਦੀ ਮੌਤ ਹੋਈ ਸੀ, 5 ਲੋਕ ਜ਼ਖਮੀ ਹੋਏ ਸਨ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਸਾਮਹਣੇ ਆਇਆ ਸੀ ਕਿ ਮ੍ਰਿਤਕ ਨੇ ਹੀ ਬੰਬ ਲਗਾਇਆ ਸੀ।