ਇਸ ਵਾਰ ਚੋਣਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਕੋਸ਼ਿਸ਼ ਕਰ ਰਹੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਹਾਈਕਮਾਨ ਨੇ ਫੈਸਲਾ ਕੀਤਾ ਹੈ ਕਿ ਪੰਜਾਬ ‘ਚ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਜਾਵੇਗਾ। ਕਾਂਗਰਸ ਸੰਯੁਕਤ ਲੀਡਰਸ਼ਿਪ ਦੀ ਅਗਵਾਈ ਹੇਠ ਚੋਣਾਂ ਲੜੇਗੀ। ਜਿਸ ਵਿੱਚ ਨਵਜੋਤ ਸਿੱਧੂ ਦੇ ਨਾਲ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਹੋਣਗੇ। ਦਿੱਲੀ ‘ਚ ਹੋਈ ਕਾਂਗਰਸ ਹਾਈਕਮਾਂਡ ਦੀ ਮੀਟਿੰਗ ‘ਚ ਇਹ ਫੈਸਲਾ ਲੈਣ ਤੋਂ ਬਾਅਦ ਪਾਰਟੀ ਦੇ ਆਗੂਆਂ ਨੂੰ ਸੰਦੇਸ਼ ਦਿੱਤਾ ਗਿਆ ਹੈ। ਹਾਲਾਂਕਿ ਇਸ ਤੋਂ ਬਾਅਦ ਸਿੱਧੂ ਦਾ ਕੀ ਸਟੈਂਡ ਹੋਵੇਗਾ, ਇਸ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਕਾਂਗਰਸ ਦੇ ਇਸ ਫੈਸਲੇ ਪਿੱਛੇ ਪੰਜਾਬ ਦੇ ਵੋਟ ਬੈਂਕ ਦਾ ਗਣਿਤ ਹੈ। ਦਰਅਸਲ, ਪੰਜਾਬ ਵਿੱਚ ਲਗਭਗ 32 ਫ਼ੀਸਦ ਵੋਟਾਂ ਐਸ.ਸੀ. ਭਾਈਚਾਰੇ ਦੀਆਂ ਹਨ। ਜਿਸ ਨੂੰ ਖੁਸ਼ ਕਰਨ ਲਈ ਕਾਂਗਰਸ ਚਰਨਜੀਤ ਚੰਨੀ ਨੂੰ ਸੀ.ਐਮ. ਬਣਾ ਚੁੱਕੀ ਹੈ। ਨਵਜੋਤ ਸਿੱਧੂ ਜਿਸ ਜੱਟਸਿੱਖ ਭਾਈਚਾਰੇ ਵਿੱਚ ਆਉਂਦੇ ਹਨ , ਉਨ੍ਹਾਂ ਦੀ ਪੰਜਾਬ ਵਿੱਚ 19% ਵੋਟ ਹੈ। ਇਨ੍ਹਾਂ ਵਿਚੋਂ ਵੀ ਬਹੁਤੇ ਖੁਦ ਸਿਆਸਤ ਵਿਚ ਸਰਗਰਮ ਹਨ ਜਾਂ ਵੱਖ-ਵੱਖ ਪਾਰਟੀਆਂ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਹਨ।
ਗੌਰਤਲਬ ਹੈ ਕਿ ਨਵਜੋਤ ਸਿੱਧੂ ਲਗਾਤਾਰ ਚੋਣ ਰੈਲੀਆਂ ਕਰ ਰਹੇ ਹਨ। ਜਿਸ ਵਿੱਚ ਉਹ ਦਾਅਵਾ ਕਰ ਰਹੇ ਹਨ ਕਿ ਅਗਲੀ ਸਰਕਾਰ ਉਨ੍ਹਾਂ ਦੀ ਹੀ ਹੋਵੇਗੀ। ਉਹ ਮੌਜੂਦਾ ਸਰਕਾਰ ਨੂੰ ਕਾਂਗਰਸ ਦੀ ਨਹੀਂ ਮੰਨਦਾ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਏ ਜਾਣ ਦੇ ਬਾਵਜੂਦ ਸਿੱਧੂ ,CM ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੂੰ ਆਪਣਾ ਨਹੀਂ ਮੰਨ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਨੇ ਅਗਲੀਆਂ ਚੋਣਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਕਈ ਵਾਰ ਇਸ਼ਾਰਾ ਕਰ ਚੁੱਕੇ ਹਨ। ਪਾਰਟੀ ਦੇ ਰਸਮੀ ਚੋਣ ਮਨੋਰਥ ਪੱਤਰ ਤੋਂ ਪਹਿਲਾਂ ਹੀ ਸਿੱਧੂ ਆਪਣੇ ਦਾਅਵੇ ਕਰ ਰਹੇ ਹਨ।