ਕੋਰੋਨਾ ਵਾਇਰਸ ਦੇ ਪੰਜ ਗੁਣਾ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਸਿੱਧਾ ਅਸਰ ਕੌਮਾਂਤਰੀ ਯਾਤਰਾ ‘ਤੇ ਪਿਆ ਹੈ। ਕ੍ਰਿਸਮਸ ਵੀਕਐਂਡ ‘ਤੇ ਕੌਮਾਂਤਰੀ ਯਾਤਰਾ ਨੂੰ ਲੈ ਕੇ ਸੋਮਵਾਰ ਨੂੰ ਹਫੜਾ-ਦਫੜੀ ਮਚ ਗਈ। ਯੂਰਪ ਤੇ ਯੂ.ਐੱਸ. ਦੇ ਕਈ ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਰਿਕਾਰਡ ਪੱਧਰ ਤੱਕ ਪਹੁੰਚਣ ਕਰਕੇ ਵੱਡੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਕਰਕੇ ਲੱਖਾਂ ਲੋਕ ਛੁੱਟੀਆਂ ਦੇ ਬ੍ਰੇਕ ਤੋਂ ਵਾਪਸ ਪਰਤ ਰਹੇ ਹਨ। ਦੁਨੀਆ ਭਰ ਵਿੱਚ ਲਗਭਗ 11,500 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਸਾਲ ਦੇ ਸਭ ਤੋਂ ਬਿਜ਼ੀ ਯਾਤਰਾ ਸਮੇਂ ਦੌਰਾਨ ਹਜ਼ਾਰਾਂ ਉਡਾਣਾਂ ਵਿੱਚ ਦੇਰ ਹੋਈ ਹੈ। ਕਈ ਏਅਰਲਾਈਨਾਂ ਨੇ ਕਿਹਾ ਹੈ ਕਿ ਕਰੂ ਮੈਂਬਰਸ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂਬਾਅਦ ਉਡਾਣਾਂ ਰੱਦ ਕੀਤੀਆਂ ਗਈਆਂ ਹਨ।
ਰਿਪੋਰਟਾਂ ਮੁਤਾਬਕ ਓਮੀਕ੍ਰੋਨ ਦਾ ਦੁਨੀਆ ਭਰ ਦੀਆਂ ਏਅਰਲਾਈਨਾਂ ‘ਤੇ ਅਸਰ ਪਿਆ ਹੈ। ਸੋਮਵਾਰ ਨੂੰ ਲਗਭਗ 3,000 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਅਮਰੀਕਾ ਦੇ ਨਿਊਯਾਰਕ ‘ਚ ਓਮੀਕ੍ਰੋਨ ਦੇ ਮਾਮਲਿਆਂ ‘ਚ ਵਾਧੇ ਦੇ ਨਾਲ ਹੀ ਹਸਪਤਾਲ ‘ਚ ਦਾਖ਼ਲ ਬੱਚਿਆਂ ਦੀ ਗਿਣਤੀ ਵੀ ਵਧ ਰਹੀ ਹੈ। ਨਿਊਯਾਰਕ ਹੈਲਥ ਡਿਪਾਰਟਮੈਂਟ ਦੇ ਮੁਤਾਬਕ, ਹਸਪਤਾਲ ‘ਚ ਭਰਤੀ 18 ਸਾਲ ਤੋਂ ਵੱਧ ਉਮਰ ਦੇ ਕੋਰੋਨਾ ਮਰੀਜ਼ਾਂ ‘ਚ ਚਾਰ ਗੁਣਾ ਵਾਧਾ ਹੋਇਆ ਹੈ। ਸੰਕ੍ਰਮਿਤ ਲੋਕਾਂ ਵਿੱਚੋਂ ਅੱਧਿਆਂ ਦੀ ਉਮਰ 5 ਸਾਲ ਤੋਂ ਘੱਟ ਹੈ। ਜਨਵਰੀ ਵਿੱਚ ਹੋਰ ਮਾਮਲਿਆਂ ਵਿੱਚ ਵਾਧਾ ਹੋਣ ਦੀ ਉਮੀਦ ਹੈ। ਇਸ ਲਈ ਟੈਸਟਿੰਗ ਅਤੇ ਟੀਕਾਕਰਨ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ।